ਭਾਰਤੀ ਜਲ ਸੈਨਾ ਨੇ ਇੱਥੇ ਸ਼ੰਗੂਮੁਘਮ ਤੱਟ ’ਤੇ ਆਪਣੀ ਸਮੁੰਦਰੀ ਤਾਕਤ ਅਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਲ ਸੈਨਾ ਦਿਵਸ ਦੇ ਜਸ਼ਨਾਂ ਤਹਿਤ ਕਰਵਾਏ ਗਏ ਇਸ ਸਮਾਗਮ ਵਿੱਚ ਰਾਸ਼ਟਰਪਤੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਦਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਜਲ ਸੈਨਾ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਵਿੱਚ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈ ਐੱਨ ਐੱਸ ਵਿਕਰਾਂਤ ਸਮੇਤ 19 ਵੱਡੇ ਜੰਗੀ ਬੇੜੇ, ਇੱਕ ਪਣਡੁੱਬੀ, ਚਾਰ ਕਿਸ਼ਤੀਆਂ ਅਤੇ 32 ਹਵਾਈ ਜਹਾਜ਼ ਸ਼ਾਮਲ ਸਨ। ਸੈਨਾ ਨੇ ਆਪਣੇ ਆਧੁਨਿਕ ਜੰਗੀ ਬੇੜਿਆਂ ਅਤੇ ਮਿਜ਼ਾਈਲਾਂ ਨਾਲ ਲੈਸ ਜਹਾਜ਼ਾਂ ਦਾ ਵੀ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਆਈ ਐੱਨ ਐੱਸ ਕੋਲਕਾਤਾ, ਆਈ ਐੱਨ ਐੱਸ ਇੰਫਾਲ ਅਤੇ ਨੀਲਗਿਰੀ ਕਲਾਸ ਦਾ ਆਈ ਐੱਨ ਐੱਸ ਉਦੈਗਿਰੀ ਸ਼ਾਮਲ ਸਨ। ਇਸ ਦੌਰਾਨ ਐੱਮ ਐੱਚ-60 ਆਰ ਹੈਲੀਕਾਪਟਰ ਨੇ ਅਸਮਾਨ ਵਿੱਚ ਫਲੇਅਰ ਛੱਡ ਕੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਹਾਕ, ਸੀ ਕਿੰਗ ਅਤੇ ਚੇਤਕ ਹੈਲੀਕਾਪਟਰਾਂ ਨੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਬੁਲਾਰੇ ਕੈਪਟਨ ਵਿਵੇਕ ਮਧਵਾਲ ਨੇ ਦੱਸਿਆ ਕਿ ਇਸ ਅਪਰੇਸ਼ਨਲ ਪ੍ਰਦਰਸ਼ਨ ਨੇ ਜਲ ਸੈਨਾ ਦੀ ਹਵਾ, ਪਾਣੀ ਅਤੇ ਧਰਤੀ ’ਤੇ ਲੜਨ ਦੀ ਸਮਰੱਥਾ ਨੂੰ ਉਜਾਗਰ ਕੀਤਾ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਦਾ ਹਵਾਈ ਅੱਡੇ ’ਤੇ ਕੇਰਲ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੇਕਰ, ਮੁੱਖ ਮੰਤਰੀ ਪਿਨਾਰਈ ਵਿਜਯਨ ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਸਵਾਗਤ ਕੀਤਾ। ਰਾਸ਼ਟਰਪਤੀ ਨੂੰ ਆਈ ਐੱਨ ਐੱਸ ਕੋਲਕਾਤਾ ਰਾਹੀਂ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰਦਰਸ਼ਨ ਦੇਸ਼ ਦੀ ਵਧਦੀ ਸਮੁੰਦਰੀ ਤਾਕਤ ਅਤੇ ਆਤਮ-ਨਿਰਭਰਤਾ ਦਾ ਪ੍ਰਤੀਕ ਹੈ। -ਪੀਟੀਆਈ

