ਦੋ ਦਿਨਾਂ ਦੀ ਖਿੱਚੋਤਾਣ ਪਿੱਛੋਂ ਨਵਨੀਤ ਚਤੁਰਵੇਦੀ ਗ੍ਰਿਫ਼ਤਾਰ
ਰੋਪੜ ਅਦਾਲਤ ਦੇ ਹੁਕਮਾਂ ਮਗਰੋਂ ਚੰਡੀਗੜ੍ਹ ਪੁਲੀਸ ਢਿੱਲੀ ਪਈ
ਪੰਜਾਬ ਪੁਲੀਸ ਨੇ ਰਾਜ ਸਭਾ ਦੀ ਉਪ ਚੋਣ ’ਚ ਨਿੱਤਰਨ ਵਾਲੇ ਨਵਨੀਤ ਚਤੁਰਵੇਦੀ ਨੂੰ ਆਖ਼ਰਕਾਰ ਦੋ ਦਿਨਾਂ ਦੀ ਖਿੱਚੋਤਾਣ ਮਗਰੋਂ ਅੱਜ ਗ੍ਰਿਫ਼ਤਾਰ ਕਰ ਲਿਆ। ਚੰਡੀਗੜ੍ਹ ਪੁਲੀਸ ਨੇ ਚਤੁਰਵੇਦੀ ਨੂੰ ਪਨਾਹ ਦਿੱਤੀ ਹੋਈ ਸੀ ਅਤੇ ਉਹ ਉਸ ਨੂੰ ਪੰਜਾਬ ਪੁਲੀਸ ਹਵਾਲੇ ਕਰਨ ਤੋਂ ਟਲ ਰਹੀ ਸੀ। ਚਤੁਰਵੇਦੀ ਨੂੰ ਚੰਡੀਗੜ੍ਹ ਪੁਲੀਸ ਨੇ ਸੈਕਟਰ 3 ਦੇ ਥਾਣੇ ’ਚ ਆਪਣੇ ਪਹਿਰੇ ਹੇਠ ਰੱਖਿਆ ਹੋਇਆ ਸੀ; ਰੋਪੜ ਪੁਲੀਸ ਦੇ ਸੈਂਕੜੇ ਮੁਲਾਜ਼ਮ ਥਾਣੇ ਦੇ ਬਾਹਰ ਡੇਰੇ ਲਾ ਕੇ ਬੈਠੇ ਹੋਏ ਸਨ ਤਾਂ ਜੋ ਚਤੁਰਵੇਦੀ ਫ਼ਰਾਰ ਨਾ ਹੋ ਸਕੇ।
‘ਆਪ’ ਵਿਧਾਇਕਾਂ ਦੀ ਸ਼ਿਕਾਇਤ ’ਤੇ 13 ਅਕਤੂਬਰ ਨੂੰ ਰੋਪੜ, ਮੋਗਾ, ਲੁਧਿਆਣਾ ਤੇ ਸਰਦੂਲਗੜ੍ਹ ਦੇ ਥਾਣਿਆਂ ’ਚ ਕੇਸ ਦਰਜ ਹੋ ਗਏ ਸਨ। ਰੋਪੜ ਪੁਲੀਸ ਬੀਤੇ ਦਿਨੀਂ ਚਤੁਰਵੇਦੀ ਦੇ ਗ੍ਰਿਫ਼ਤਾਰੀ ਵਾਰੰਟ ਲੈ ਕੇ ਪੁੱਜੀ ਸੀ ਪਰ ਚੰਡੀਗੜ੍ਹ ਪੁਲੀਸ ਉਸ ਬਚਾਉਣ ’ਚ ਜੁਟੀ ਰਹੀ। ਪੁਲੀਸ ਨੇ ਅੱਜ ਰੋਪੜ ਅਦਾਲਤ ਤੱਕ ਪਹੁੰਚ ਕਰ ਕੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਰਨ ’ਚ ਯੂ ਟੀ ਪੁਲੀਸ ਅੜਿੱਕਾ ਬਣ ਰਹੀ ਹੈ। ਰੋਪੜ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਖਵਿੰਦਰ ਸਿੰਘ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਨੂੰ ਲਿਖਤੀ ਨਿਰਦੇਸ਼ ਦਿੱਤੇ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਇਨ੍ਹਾਂ ਹੁਕਮਾਂ ਮਗਰੋਂ ਇੱਕ ਵਾਰ ਤਾਂ ਚੰਡੀਗੜ੍ਹ ਪੁਲੀਸ ਨੇ ਆਨਾਕਾਨੀ ਕੀਤੀ ਪਰ ਆਖ਼ਰ ਉਸ ਨੇ ਰੋਪੜ ਪੁਲੀਸ ਲਈ ਸੈਕਟਰ 3 ਦੇ ਥਾਣੇ ਦਾ ਗੇਟ ਖੋਲ੍ਹ ਦਿੱਤਾ। ਦੇਰ ਸ਼ਾਮ ਅੱਠ ਵਜੇ ਰੋਪੜ ਪੁਲੀਸ ਨੇ ਗ੍ਰਿਫ਼ਤਾਰੀ ਵਾਰੰਟਾਂ ਦੇ ਆਧਾਰ ’ਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰ ਲਿਆ। ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ’ਚ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਾਇਆ ਸੀ। ਐੱਸ ਪੀ ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਰੋਪੜ ਪੁਲੀਸ ਜਦੋਂ ਬੀਤੇ ਦਿਨੀਂ ਚੰਡੀਗੜ੍ਹ ਪੁੱਜੀ ਸੀ ਤਾਂ ਉਨ੍ਹਾਂ ਦੀ ਚੰਡੀਗੜ੍ਹ ਪੁਲੀਸ ਨਾਲ ਝੜਪ ਵੀ ਹੋਈ ਸੀ। ਨਵਨੀਤ ਚਤੁਰਵੇਦੀ ਨੂੰ ਹੁਣ ਰੋਪੜ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲੀਸ ਅਧਿਕਾਰੀਆਂ ਮੁਤਾਬਕ ਨਵਨੀਤ ਦੀ ਤਫ਼ਤੀਸ਼ ਮਗਰੋਂ ਫ਼ਰਜ਼ੀ ਦਸਤਖ਼ਤਾਂ ਵਾਲੀ ਅਸਲ ਕਹਾਣੀ ਦੇ ਪੇਚ ਖੁੱਲ੍ਹਣਗੇ।
ਚੇਤੇ ਰਹੇ ਕਿ ਨਵਨੀਤ ਚਤੁਰਵੇਦੀ ਵੱਲੋਂ ਰਾਜ ਸਭਾ ਦੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਅਤੇ 10 ‘ਆਪ’ ਵਿਧਾਇਕਾਂ ਵੱਲੋਂ ਤਜਵੀਜ਼ ਕੀਤੇ ਜਾਣ ਵਾਲਾ ਪੱਤਰ ਵੀ ਦਿੱਤਾ ਗਿਆ ਸੀ ਜਿਸ ਨੂੰ ‘ਆਪ’ ਵਿਧਾਇਕਾਂ ਨੇ ਫ਼ਰਜ਼ੀ ਕਰਾਰ ਦਿੱਤਾ ਸੀ। ਕਾਗ਼ਜ਼ਾਂ ਦੀ ਪੜਤਾਲ ਮੌਕੇ ਤਜਵੀਜ਼ ਕਰਨ ਵਾਲੇ ਵਿਧਾਇਕਾਂ ਦੇ ਦਸਤਖ਼ਤ ਫ਼ਰਜ਼ੀ ਪਾਏ ਗਏ। ਇਸੇ ਆਧਾਰ ’ਤੇ ਚਤੁਰਵੇਦੀ ਦੇ ਕਾਗ਼ਜ਼ ਰੱਦ ਹੋ ਗਏ ਸਨ। ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਸੀ ਕਿ ਚਤੁਰਵੇਦੀ ਦੀ ਪਿੱਠ ’ਤੇ ਭਾਜਪਾ ਹੈ ਅਤੇ ਪੁਲੀਸ ਉਸ ਨੂੰ ਸਟੇਟ ਗੈਸਟ ਵਾਂਗ ਰੱਖ ਰਹੀ ਹੈ।
ਅਦਾਲਤ ਨੇ ਚੰਡੀਗੜ੍ਹ ਪੁਲੀਸ ਤੋਂ ਚਾਰ ਦਿਨਾਂ ’ਚ ਜਵਾਬ ਮੰਗਿਆ
ਰੋਪੜ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਸੁਖਵਿੰਦਰ ਸਿੰਘ ਨੇ ਚੰਡੀਗੜ੍ਹ ਪੁਲੀਸ ਤੋਂ ਨਵਨੀਤ ਚਤੁਰਵੇਦੀ ਮਾਮਲੇ ’ਤੇ ਚਾਰ ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਮੰਗਿਆ ਹੈ। ਅਦਾਲਤ ਦੇ ਅੱਠ ਪੰਨਿਆਂ ਦੇ ਹੁਕਮਾਂ ’ਚ ਚੰਡੀਗੜ੍ਹ ਦੇ ਸੈਕਟਰ-3 ਦੇ ਐੱਸ ਐੱਚ ਓ ਨਰਿੰਦਰ ਪਟਿਆਲ ਨੂੰ ਵੀ ਸਪਸ਼ਟੀਕਰਨ ਪੇਸ਼ ਕਰਨ ਲਈ ਕਿਹਾ ਹੈ ਕਿ ‘ਕਿਸ ਕਾਨੂੰਨ ਤਹਿਤ ਉਨ੍ਹਾਂ ਮੁਲਜ਼ਮ ਨੂੰ ਆਪਣੀ ਹਿਰਾਸਤ ਵਿਚ ਰੱਖਿਆ ਅਤੇ ਰੋਪੜ ਪੁਲੀਸ ਨੂੰ ਗ੍ਰਿਫ਼ਤਾਰੀ ਵਾਰੰਟ ਲਾਗੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।’ ਅਦਾਲਤ ਨੇ ਚੰਡੀਗੜ੍ਹ ਪੁਲੀਸ ਨੂੰ ਇਹ ਵੀ ਕਿਹਾ ਹੈ ਕਿ ਜੇ ਉਹ ਜਵਾਬ ਦਾਖ਼ਲ ਨਹੀਂ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਵੇਗੀ।
ਨਵਨੀਤ ਨੂੰ ਹਾਈ ਕੋਰਟ ਤੋਂ ਰਾਹਤ ਨਾ ਮਿਲੀ
ਚੰਡੀਗੜ੍ਹ (ਚਰਨਜੀਤ ਭੁੱਲਰ): ਰਾਜ ਸਭਾ ਦੀ ਉਪ ਚੋਣ ’ਚੋਂ ਆਊਟ ਹੋਏ ਨਵਨੀਤ ਚਤੁਰਵੇਦੀ ਦਾ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵਨੀਤ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਅਤੇ ਸੂਬਾ ਸਰਕਾਰ ਵੱਲੋਂ ਦਾਖ਼ਲ ਵੱਖਰੀ ਪਟੀਸ਼ਨ ’ਤੇ ਚਤੁਰਵੇਦੀ ਨੂੰ ਨੋਟਿਸ ਜਾਰੀ ਕੀਤੇ। ਹਾਈ ਕੋਰਟ ’ਚੋਂ ਚਤੁਰਵੇਦੀ ਨੂੰ ਫ਼ੌਰੀ ਕੋਈ ਰਾਹਤ ਨਹੀਂ ਮਿਲੀ ਅਤੇ ਹੁਣ ਮਾਮਲੇ ਦੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਨਵਨੀਤ ਵੱਲੋਂ ਹਾਈ ਕੋਰਟ ’ਚ ਦਾਇਰ ਪਟੀਸ਼ਨ ’ਚ ਦੋਸ਼ ਲਗਾਏ ਗਏ ਕਿ ਰੋਪੜ ਪੁਲੀਸ ਨੇ ਚੰਡੀਗੜ੍ਹ ਪੁਲੀਸ ’ਤੇ ਹਮਲਾ ਕਰ ਕੇ ਉਸ ਨੂੰ ਗ਼ੈਰ-ਕਾਨੂੰਨੀ ਤੌਰ ’ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਚਤੁਰਵੇਦੀ ਵੱਲੋਂ ਪੇਸ਼ ਵਕੀਲ ਨਿਖਿਲ ਘਈ ਨੇ ਪੰਜਾਬ ਪੁਲੀਸ ਵੱਲੋਂ ਚਤੁਰਵੇਦੀ ’ਤੇ ਦਰਜ ਸਾਰੀਆਂ ਐੱਫ ਆਈ ਆਰਜ਼ ਅਤੇ ਲੰਬਿਤ ਸ਼ਿਕਾਇਤਾਂ ’ਚ ਚਤੁਰਵੇਦੀ ਨੂੰ 10 ਦਿਨਾਂ ਲਈ ਗ੍ਰਿਫ਼ਤਾਰੀ ਤੋਂ ਪ੍ਰੋਟੈਕਸ਼ਨ ਦੇਣ ਦੀ ਮੰਗ ਕੀਤੀ ਤਾਂ ਜੋ ਉਹ ਇਨ੍ਹਾਂ ਕੇਸਾਂ ਦੇ ਸਬੰਧ ’ਚ ਕਾਨੂੰਨੀ ਮਦਦ ਲੈ ਸਕਣ। ਦੂਜੇ ਪਾਸੇ ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ ਚਤੁਰਵੇਦੀ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ, 2023 ਦੀ ਧਾਰਾ 318, 336(2), 336 (3), 336(4), 340(2) ਅਤੇ 61(2) ਦੇ ਤਹਿਤ ਕੇਸ ਦਰਜ ਹੋਏ ਹਨ। ਰੋਪੜ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ 14 ਅਕਤੂਬਰ ਨੂੰ ਚਤੁਰਵੇਦੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ ਪਰ ਚੰਡੀਗੜ੍ਹ ਦੇ ਸੈਕਟਰ-3 ਦੇ ਥਾਣੇ ’ਚ ਉਸ ਨੂੰ ਪਨਾਹ ਦਿੱਤੀ ਗਈ। ਪੰਜਾਬ ਸਰਕਾਰ ਨੇ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੇ ਸਬੰਧਤ ਐੱਸ ਐੱਚ ਓ ਖ਼ਿਲਾਫ਼ ਕਾਰਵਾਈ ਕੀਤੀ ਜਾਵੇੇ ਅਤੇ ਚਤੁਰਵੇਦੀ ਨੂੰ ਤੁਰੰਤ ਰੋਪੜ ਪੁਲੀਸ ਹਵਾਲੇ ਕੀਤਾ ਜਾਵੇ।