ਰੂਸੀ ਤੇਲ ਖ਼ਰੀਦਣ ਲਈ ਨਵਾਰੋ ਵੱਲੋਂ ਭਾਰਤ ਦੀ ਮੁੜ ਆਲੋਚਨਾ
ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸੀ ਤੇਲ ਖ਼ਰੀਦੇ ਜਾਣ ਨੂੰ ਲੈ ਕੇ ਇਕ ਵਾਰ ਫਿਰ ਭਾਰਤ ਦੀ ਆਲੋਚਨਾ ਕੀਤੀ ਹੈ। ਨਵਾਰੋ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਰੂਸ ਨਾਲ ਊਰਜਾ ਸਬੰਧਾਂ ਨੂੰ ਲੈ ਕੇ ਕਈ ਵਾਰ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਨਵਾਰੋ ਨੇ ਸ਼ਨਿੱਚਰਵਾਰ ਨੂੰ ‘ਐਕਸ’ ’ਤੇ ਕਿਹਾ, ‘‘ਵਾਹ, ਐਲਨ ਮਸਕ ਲੋਕਾਂ ਦੀਆਂ ਪੋਸਟਾਂ ਜ਼ਰੀਏ ਕੂੜ ਪ੍ਰਚਾਰ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਬਕਵਾਸ ਨੋਟ ਵੀ ਇਹੋ ਕੁਝ ਹੈ। ਭਾਰਤ ਸਿਰਫ਼ ਮੁਨਾਫ਼ਾ ਕਮਾਉਣ ਲਈ ਰੂਸ ਤੋਂ ਤੇਲ ਖ਼ਰੀਦਦਾ ਹੈ। ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕਰਨ ਤੋਂ ਪਹਿਲਾਂ ਉਸ ਨੇ ਤੇਲ ਨਹੀਂ ਖ਼ਰੀਦਿਆ ਸੀ। ਭਾਰਤ ਸਰਕਾਰ ਦੀ ਪ੍ਰਚਾਰ ਮਸ਼ੀਨਰੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਯੂਕਰੇਨੀਆਂ ਨੂੰ ਮਾਰਨਾ ਬੰਦ ਕਰੋ। ਅਮਰੀਕੀ ਨੌਕਰੀਆਂ ਖੋਹਣਾ ਬੰਦ ਕਰੋ।’’ ਨਵਾਰੋ ਨੇ ਆਪਣੀ ਇਕ ਪਿਛਲੀ ਪੋਸਟ ’ਤੇ ਆਏ ਪ੍ਰਤੀਕਰਮ ਤਹਿਤ ਜਵਾਬ ਦਿੱਤਾ ਸੀ ਜਿਸ ’ਚ ਉਸ ਨੇ ਕਿਹਾ ਸੀ ਕਿ ਭਾਰਤ ਜਿਹੜਾ ਤੇਲ ਰੂਸ ਤੋਂ ਖ਼ਰੀਦਦਾ ਹੈ, ਉਸ ਨਾਲ ਰੂਸੀ ਜੰਗੀ ਮਸ਼ੀਨ ਨੂੰ ਫੰਡ ਮਿਲ ਰਿਹਾ ਹੈ। ਉਨ੍ਹਾਂ ਕਿਹਾ ਸੀ, ‘‘ਭਾਰਤ ਦੇ ਵੱਧ ਟੈਰਿਫ਼ ਕਾਰਨ ਅਮਰੀਕੀ ਨੌਕਰੀਆਂ ਖ਼ਤਮ ਹੋ ਰਹੀਆਂ ਹਨ। ਭਾਰਤ ਸਿਰਫ਼ ਮੁਨਾਫ਼ੇ ਲਈ ਰੂਸੀ ਤੇਲ ਖ਼ਰੀਦਦਾ ਹੈ। ਇਹ ਮਾਲੀਆ ਰੂਸੀ ਜੰਗੀ ਮਸ਼ੀਨ ਨੂੰ ਚਲਾਉਂਦਾ ਹੈ। ਯੂਕਰੇਨੀ ਅਤੇ ਰੂਸੀ ਲੋਕ ਮਰਦੇ ਹਨ। ਅਮਰੀਕੀ ਟੈਕਸਦਾਤਿਆਂ ਨੂੰ ਹੋਰ ਭੁਗਤਾਨ ਕਰਨਾ ਪੈਂਦਾ ਹੈ।’’ ਕਮਿਊਨਿਟੀ ਪੋਸਟ ਵਿਚ ਨਵਾਰੋ ਦੇ ਦਾਅਵਿਆਂ ਨੂੰ ‘ਪਖੰਡ’ ਦੱਸਿਆ ਗਿਆ। ਇਸ ਵਿੱਚ ਕਿਹਾ ਗਿਆ, ‘‘ਊਰਜਾ ਸੁਰੱਖਿਆ ਲਈ ਭਾਰਤ ਵੱਲੋਂ ਰੂਸੀ ਤੇਲ ਦੀ ਜਾਇਜ਼, ਪ੍ਰਭੂਸੱਤਾ ਸੰਪੰਨ ਖ਼ਰੀਦ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨਹੀਂ ਹੈ। ਅਮਰੀਕਾ, ਭਾਰਤ ’ਤੇ ਦਬਾਅ ਪਾ ਰਿਹਾ ਹੈ ਜਦੋਂ ਕਿ ਉਹ ਖੁਦ ਅਰਬਾਂ ਡਾਲਰ ਦੇ ਰੂਸੀ ਸਾਮਾਨ ਜਿਵੇਂ ਕਿ ਯੂਰੇਨੀਅਮ ਦੀ ਦਰਾਮਦ ਕਰਨਾ ਜਾਰੀ ਰੱਖਦਾ ਹੈ, ਜੋ ਉਸ ਦੇ ਦੋਹਰੇ ਮਾਪਦੰਡਾਂ ਨੂੰ ਸਪੱਸ਼ਟ ਤੌਰ ’ਤੇ ਉਜਾਗਰ ਕਰਦਾ ਹੈ।’’ ਜ਼ਿਕਰਯੋਗ ਹੈ ਕਿ ਭਾਰਤ ਨੇ ਨਵਾਰੋ ਦੇ ਬਿਆਨ ਨੂੰ ਗਲਤ ਅਤੇ ਗੁਮਰਾਹਕੁਨ ਕਰਾਰ ਦਿੱਤਾ ਹੈ।