DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਦਰਤ ਦਾ ਕਹਿਰ: ਪਿੰਡ-ਪਿੰਡ, ਸ਼ਹਿਰ-ਸ਼ਹਿਰ

ਪਹਾਡ਼ਾਂ ਦੇ ਮੀਂਹ ਕਾਰਨ ਪੰਜਾਬ ਵਿੱਚ ਤਬਾਹੀ, ਸਕੂਲਾਂ ’ਚ 30 ਤੱਕ ਛੁੱਟੀਆਂ
  • fb
  • twitter
  • whatsapp
  • whatsapp
featured-img featured-img
ਪਠਾਨਕੋਟ ’ਚ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਵਾਂ ’ਤੇ ਲਿਜਾਂਦੇ ਹੋਏ ਹਵਾਈ ਫ਼ੌਜ ਦੇ ਜਵਾਨ। -ਫੋਟੋ: ਐੱਨਪੀ ਧਵਨ
Advertisement

ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਮਗਰੋਂ ਰਾਵੀ ਤੇ ਬਿਆਸ ਦਰਿਆ ’ਚ ਵਧੇ ਪਾਣੀ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਲਪੇਟ ’ਚ ਲੈ ਲਿਆ ਹੈ। ਪਹਾੜਾਂ ’ਚੋਂ ਆਏ ਪਾਣੀ ਨਾਲ ਡੈਮ ਵੀ ਨੱਕੋ-ਨੱਕ ਭਰ ਗਏ ਹਨ ਅਤੇ ਦੋ ਡੈਮ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਏ ਹਨ। ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਫ਼ਾਜ਼ਿਲਕਾ ਤੇ ਫ਼ਿਰੋਜਪੁਰ ਦੇ ਕਰੀਬ 250 ਪਿੰਡ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਏ ਹਨ। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸੱਤ ਜ਼ਿਲ੍ਹਿਆਂ ਨੂੰ ਹਾਈ ਅਲਰਟ ’ਤੇ ਕਰ ਦਿੱਤਾ ਹੈ ਜਿਨ੍ਹਾਂ ’ਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਸ਼ਾਮਲ ਹਨ।

ਸੂਬਾ ਸਰਕਾਰ ਨੇ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 27 ਤੋਂ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

Advertisement

ਰਾਵੀ ਤੇ ਬਿਆਸ ਦਰਿਆ ’ਤੇ ਬਣੇ ਕਰੀਬ ਅੱਧੀ ਦਰਜਨ ਪੱਕੇ ਅਤੇ ਆਰਜ਼ੀ ਬੰਨ੍ਹ ਵੀ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਨਹੀਂ ਸਕੇ ਜਿਨ੍ਹਾਂ ’ਚ ਦੀਨਾਨਗਰ ਨੇੜੇ ਧੁੱਸੀ ਬੰਨ੍ਹ, ਸੁਲਤਾਨਪੁਰ ਲੋਧੀ ਨੇੜਲਾ ਆਰਜ਼ੀ ਬੰਨ੍ਹ, ਨਰੋਟ ਜੈਮਲ ਨੇੜੇ ਰਾਵੀ ਦਰਿਆ ’ਤੇ ਬਣਿਆ ਆਰਜ਼ੀ ਬੰਨ੍ਹ ਵੀ ਸ਼ਾਮਲ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਪੰਜਾਬ ’ਚ ਭਾਰੀ ਮੀਂਹ ਦੇ ਮੱਦੇਨਜ਼ਰ ਦਰਜਨ ਭਰ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਜਦਕਿ ਪੰਜ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਸੰਗਰੂਰ, ਮਾਨਸਾ ਅਤੇ ਬਰਨਾਲਾ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ 30-31 ਅਗਸਤ ਨੂੰ ਮੁੜ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਅੰਤਰਰਾਜੀ ਸੜਕੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਹੁਸ਼ਿਆਰਪੁਰ-ਚਿੰਤਪੁਰਨੀ ਕੌਮੀ ਸੜਕ ਮਾਰਗ ਪ੍ਰਭਾਵਿਤ ਹੋਇਆ ਹੈ। ਬਿਆਸ ਦਰਿਆ ਤੋਂ ਚੱਕੀ ਰੇਲ ਬਰਿੱਜ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਪਠਾਨਕੋਟ-ਜਲੰਧਰ ਰੇਲ ਰੂਟ ’ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਕਰੀਬ 90 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਰਾਵੀ ਪਾਰ ਦੇ 80 ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ ਅਤੇ ਪੱਟੀ ਤਹਿਸੀਲ ਦੇ ਕਰੀਬ ਢਾਈ ਦਰਜਨ ਪਿੰਡ ਪਾਣੀ ’ਚ ਘਿਰ ਗਏ ਹਨ। ਅਜਨਾਲਾ ਦੇ ਰਾਵੀ ਨੇੜਲੇ 14 ਪਿੰਡਾਂ ਨੂੰ ਖ਼ਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ। ਸੁਲਤਾਨਪੁਰ ਲੋਧੀ ਅਤੇ ਟਾਂਡਾ ਦੇ ਕਾਫ਼ੀ ਪਿੰਡ ਬਿਆਸ ਦਰਿਆ ਦੀ ਮਾਰ ਹੇਠ ਆ ਗਏ ਹਨ। ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 527.99 ਮੀਟਰ ਤੋਂ ਉਪਰ ਚੱਲਣ ਲੱਗਿਆ ਹੈ ਅਤੇ ਇਸ ਡੈਮ ’ਚ ਪਾਣੀ ਦੀ ਆਮਦ 2.62 ਲੱਖ ਕਿਊਸਿਕ ਰਹੀ। ਇਸੇ ਕਾਰਨ ਅੱਜ ਰਣਜੀਤ ਸਾਗਰ ਡੈਮ ’ਚੋਂ 1.95 ਲੱਖ ਕਿਊਸਿਕ ਪਾਣੀ ਛੱਡਣਾ ਪਿਆ। ਗੁਰਦਾਸਪੁਰ ’ਚ ਅੱਜ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ 4.60 ਲੱਖ ਕਿਊਸਿਕ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੀ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1390.95 ਫੁੱਟ ’ਤੇ ਪਹੁੰਚ ਗਿਆ ਹੈ ਅਤੇ ਪੌਂਗ ਡੈਮ ’ਚ 2.27 ਲੱਖ ਕਿਊਸਿਕ ਪਾਣੀ ਆ ਰਿਹਾ ਹੈ ਜਿਸ ਕਰਕੇ ਅੱਜ ਬਿਆਸ ਦਰਿਆ ’ਚ 79,592 ਕਿਊਸਿਕ ਪਾਣੀ ਛੱਡਿਆ ਗਿਆ। ਰਣਜੀਤ ਸਾਗਰ ਡੈਮ ਅਤੇ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਏ ਹਨ। ਹਰੀਕੇ ਵਿਖੇ ਪਾਣੀ ਦਾ ਪੱਧਰ 2.60 ਲੱਖ ਕਿਊਸਿਕ ਅਤੇ ਹੁਸੈਨੀਵਾਲਾ ਵਿਖੇ 2.38 ਲੱਖ ਕਿਊਸਿਕ ਦਰਜ ਕੀਤਾ ਗਿਆ। ਇਸ ਨਾਲ ਫ਼ਿਰੋਜ਼ਪੁਰ, ਤਰਨ ਤਾਰਨ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਭਿਆਨਕ ਹੜ੍ਹਾਂ ਦੀ ਸਥਿਤੀ ਪੈਦਾ ਹੋਵੇਗੀ। ਫ਼ਾਜ਼ਿਲਕਾ ਦੇ ਪਿੰਡ ਗੱਟੀ ਰਾਜੋ ਆਦਿ ਸਮੇਤ ਕਾਫ਼ੀ ਪਿੰਡ ਪਾਣੀ ’ਚ ਘਿਰ ਗਏ ਹਨ ਤੇ ਲੋਕਾਂ ਨੇ ਪਿੰਡਾਂ ’ਚੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਖੇਤੀ ਵਿਭਾਗ ਦੀ ਰਿਪੋਰਟ ਅਨੁਸਾਰ ਹੁਣ ਤੱਕ ਹੜ੍ਹਾਂ ਦੀ ਸਥਿਤੀ ਕਾਰਨ ਪੰਜਾਬ ਵਿੱਚ 1.58 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ ਤੇ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।

ਹਵਾਈ ਫ਼ੌਜ ਨੇ ਹੈਲੀਕਾਪਟਰ ਰਾਹੀਂ ਦੋ ਦਰਜਨ ਵਿਅਕਤੀ ਸੁਰੱਖਿਅਤ ਕੱਢੇ

ਪੰਜਾਬ ਸਰਕਾਰ ਨੇ ਪਠਾਨਕੋਟ ਦੇ ਪਿੰਡਾਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਅੱਜ ਭਾਰਤੀ ਹਵਾਈ ਫ਼ੌਜ ਨੂੰ ਬੁਲਾ ਲਿਆ ਹੈ ਤੇ ਫ਼ੌਜ ਨੇ ਧਰੁਵ ਹੈਲੀਕਾਪਟਰ ਦੀ ਮਦਦ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਪਿੰਡਾਂ ’ਚੋਂ ਦਰਜਨਾਂ ਵਿਅਕਤੀਆਂ ਨੂੰ ਏਅਰ ਲਿਫ਼ਟ ਵੀ ਕੀਤਾ ਹੈ। ਐੱਨਡੀਆਰਐੱਫ ਦੀਆਂ ਟੀਮਾਂ ਨੇ ਕਿਸ਼ਤੀਆਂ ਰਾਹੀਂ ਪਿੰਡਾਂ ਚੋੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਤੇ ਲਾਲ ਚੰਦ ਕਟਾਰੂਚੱਕ ਨੇ ਅੱਜ ਪਠਾਨਕੋਟ ਜ਼ਿਲ੍ਹੇ ’ਚ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਕਹਿਣਾ ਸੀ ਕਿ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਭੋਜਨ, ਪਾਣੀ ਅਤੇ ਡਾਕਟਰੀ ਸਹਾਇਤਾ ਮੁਹੱਈਆ ਕਰਾਈ ਜਾ ਰਹੀ ਹੈ।

ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ

ਮੁੱਖ ਸਕੱਤਰ ਕੇਏਪੀ ਸਿਨਹਾ ਨੇ ਅੱਜ ਹੜ੍ਹਾਂ ਦੀ ਸਥਿਤੀ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ। ਉਨ੍ਹਾਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਰਾਹਤ ਕਾਰਜਾਂ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਮੁੱਖ ਸਕੱਤਰ ਨੇ ਅਧਿਕਾਰੀਆਂ ਤੋਂ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਲਈ ਚੱਲ ਰਹੇ ਰਾਹਤ ਕਾਰਜਾਂ ਬਾਰੇ ਵੀ ਜਾਣਕਾਰੀ ਲਈ।

ਬੀਬੀਐੱਮਬੀ ਵੱਲੋਂ ਨਵੀਂ ਰਣਨੀਤੀ ਤਿਆਰ

ਬੀਬੀਐੱਮਬੀ ਨੇ ਅੱਜ ਦੁਪਹਿਰ ਮਗਰੋਂ ਡੈਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਅਨੁਸਾਰ ਪੌਂਗ ਡੈਮ ’ਚ ਪਾਣੀ ਦਾ ਪੱਧਰ 1390 ਫੁੱਟ ਹੋਣ ਦੀ ਸੂਰਤ ਵਿੱਚ ਜਿਵੇਂ ਹੀ ਡੈਮ ’ਚ ਪਾਣੀ ਦਾ ਪੱਧਰ ਇੱਕ-ਇੱਕ ਫੁੱਟ ਉਪਰ ਨੂੰ ਜਾਵੇਗਾ, ਡੈਮ ’ਚੋਂ ਹੇਠਾਂ ਵੱਲ ਪੰਜ-ਪੰਜ ਹਜ਼ਾਰ ਕਿਊਸਿਕ ਹੋਰ ਪਾਣੀ ਛੱਡਿਆ ਜਾਵੇਗਾ। ਜਦੋਂ ਪੌਂਗ ਡੈਮ ’ਚ ਪਾਣੀ ਦਾ ਪੱਧਰ 1397 ’ਤੇ ਪੁੱਜ ਗਿਆ ਤਾਂ ਉਸ ਵਕਤ ਜਿੰਨਾ ਪਾਣੀ ਪਹਾੜਾਂ ’ਚੋਂ ਡੈਮ ਵਿਚ ਪੁੱਜੇਗਾ, ਓਨਾ ਹੀ ਹੇਠਾਂ ਛੱਡ ਦਿੱਤਾ ਜਾਵੇਗਾ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਹੈ।

Advertisement
×