ਕੌਮੀ ਚਿੰਨ੍ਹ ਸਰਕਾਰੀ ਸਮਾਗਮਾਂ ਲਈ, ਧਾਰਮਿਕ ਅਸਥਾਨਾਂ ਲਈ ਨਹੀਂ: ਉਮਰ
ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੇ ਸ੍ਰੀਨਗਰ ਦੀ ਹਜ਼ਰਤਬਲ ਦਰਗਾਹ ’ਚ ਵਕਫ਼ ਬੋਡਰ ਵੱਲੋਂ ਨਵੀਨੀਕਰਨ ਪੱਥਰ ’ਤੇ ਕੌਮੀ ਚਿੰਨ੍ਹ ਦੀ ਵਰਤੋਂ ਦੀ ਆਲੋਚਨਾ ਕਰਦਿਆਂ ਜੰਮੂ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਦਰਖਸ਼ਾਂ ਅੰਦਰਾਬੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਕੌਮੀ ਚਿੰਨ੍ਹ ਸਰਕਾਰੀ ਸਮਾਗਮਾਂ ਲਈ ਹਨ, ਧਾਰਮਿਕ ਅਸਥਾਨਾਂ ਲਈ ਨਹੀਂ ਜਦਕਿ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਸ ਚਿੰਨ੍ਹ ਦੀ ਵਰਤੋਂ ਨੂੰ ਕੁਫਰ ਕਰਾਰ ਦਿੱਤਾ। ਇੱਥੇ ਹਜ਼ਰਤਬਲ ਮਸਜਿਦ ਦੇ ਨਵੀਨੀਕਰਨ ਦੀ ਜਾਣਕਾਰੀ ਦੇਣ ਵਾਲੇ ਪੱਥਰ ’ਤੇ ਕੌਮੀ ਚਿੰਨ੍ਹ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਜਿਸ ਕਾਰਨ ਬੀਤੇ ਦਿਨ ਸਮੂਹਿਕ ਨਮਾਜ਼ ਮਗਰੋਂ ਕੁਝ ਅਣਪਛਾਤੇ ਲੋਕਾਂ ਨੇ ਪੱਥਰ ’ਤੇ ਉੱਕਰਿਆ ਚਿੰਨ੍ਹ ਤੋੜ ਦਿੱਤਾ।
ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਅੱਜ ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਕਫ਼ ਬੋਰਡ ਨੂੰ ਉਸ ‘ਗਲਤੀ’ ਲਈ ਮੁਆਫੀ ਮੰਗਣੀ ਚਾਹੀਦੀ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਭ ਤੋਂ ਪਹਿਲਾਂ ਇਹ ਸਵਾਲ ਉਠਦਾ ਹੈ ਕਿ ਕੀ ਇਸ ਬੋਰਡ ’ਤੇ ਕੌਮੀ ਪ੍ਰਤੀਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਸੀ ਜਾਂ ਨਹੀਂ। ਮੈਂ ਕਦੀ ਕਿਸੇ ਧਾਰਮਿਕ ਸਥਾਨ ’ਤੇ ਅਜਿਹੇ ਪ੍ਰਤੀਕ ਦੀ ਵਰਤੋਂ ਹੁੰਦੀ ਨਹੀਂ ਦੇਖੀ।’ ਉਨ੍ਹਾਂ ਕਿਹਾ, ‘ਮਜਸਿਦ, ਦਰਗਾਹ, ਮੰਦਰ ਤੇ ਗੁਰਦੁਆਰੇ ਸਰਕਾਰੀ ਸੰਸਥਾਵਾਂ ਨਹੀਂ ਹਨ। ਇਹ ਧਾਰਮਿਕ ਸੰਸਥਾਵਾਂ ਹਨ ਅਤੇ ਧਾਰਮਿਕ ਸੰਸਥਾਵਾਂ ’ਚ ਸਰਕਾਰੀ ਚਿੰਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।’ ਅਬਦੁੱਲ੍ਹਾ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਰਾਹਤ ਤੇ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਤੇ ਪੀ ਡੀ ਪੀ ਮੁਖੀ ਨੇ ਕਿਹਾ ਕਿ ਇਸ ਕਦਮ ਨਾਲ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਦਰਾਬੀ ਤੇ ਬੋਰਡ ਲਾਉਣ ਵਾਲਿਆਂ ਖ਼ਿਲਾਫ਼ ਕੁਫਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਦੂਜੇ ਪਾਸੇ ਭਾਜਪਾ ਨੇ ਬੋਰਡ ਨੂੰ ਨੁਕਸਾਨ ਪਹੁੰਚਾਉਣ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਇਸ ਨੂੰ ਮਜਸਿਦ ਦੇ ਬਾਹਰ ਲਾਇਆ ਗਿਆ ਸੀ ਅਤੇ ਇਹ ਘਟਨਾ ਘਾਟੀ ’ਚ ‘ਅਤਿਵਾਦ ਤੇ ਵੱਖਵਾਦ’ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਹੈ।