ਮੁਜ਼ੱਫਰਨਗਰ, 15 ਮਾਰਚ
ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਕਾਰ ਨਾਲ ਬੀਤੀ ਸ਼ਾਮ ਨੀਲ ਗਾਂ ਟਕਰਾਅ ਗਈ। ਇਸ ਘਟਨਾ ਵਿੱਚ ਟਿਕੈਤ ਵਾਲ-ਵਾਲ ਬਚੇ। ਟਿਕੈਤ ਅਨੁਸਾਰ ਮੀਰਾਪੁਰ ਬਾਈਪਾਸ ਰੋਡ ਨੇੜੇ ਨੀਲ ਗਾਂ ਅਚਾਨਕ ਸਾਹਮਣੇ ਆਈ ਅਤੇ ਉਨ੍ਹਾਂ ਦੀ ਗੱਡੀ ਨਾਲ ਟਕਰਾਅ ਗਈ। ਇਸ ਦੌਰਾਨ ਉਨ੍ਹਾਂ ਨੂੰ ਸੱਟਾਂ ਨਹੀਂ ਲੱਗੀਆਂ। ਸੂਚਨਾ ਮਿਲਣ ਮਗਰੋਂ ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਅਤੇ ਮੁਜ਼ੱਫਰਨਗਰ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਮਲਿਕ ਨੇ ਟਿਕੈਤ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਟਿਕੈਤ ਨੇ ਸਾਰਿਆਂ ਨੂੰ ਤੇਜ਼ ਰਫ਼ਤਾਰ ਨਾਲ ਗੱਡੀ ਨਾ ਚਲਾਉਣ ਦੀ ਅਪੀਲ ਕੀਤੀ ਹੈ।
ਮੁਜ਼ੱਫਰਨਗਰ ਵਿੱਚ ਆਪਣੀ ਰਿਹਾਇਸ਼ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਨੀਲ ਗਾਂ ਨੇ ਅਚਾਨਕ ਸੜਕ ’ਤੇ ਛਾਲ ਮਾਰੀ ਅਤੇ ਵਾਹਨ ਨਾਲ ਟਕਰਾਅ ਗਈ। ਟਿਕੈਤ ਨੇ ਕਿਹਾ, ‘ਅਸੀਂ ਸੀਟ ਬੈਲਟਾਂ ਲਾਈਆਂ ਸਨ, ਜਿਸ ਸਦਕਾ ਅਸੀਂ ਬਚ ਗਏ। ਸਾਰਿਆਂ ਨੂੰ ਸੀਟ ਬੈਲਟ ਲਾਉਣੀ ਚਾਹੀਦੀ ਹੈ। ਜੇ ਕਾਰ ਛੋਟੀ ਹੁੰਦੀ ਅਤੇ ਸੀਟ ਬੈਲਟ ਨਾ ਲਾਈ ਹੁੰਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।’ ਉਨ੍ਹਾਂ ਕਿਹਾ, ‘ਮੇਰੇ ਸੁਰੱਖਿਆ ਕਰਮੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜੰਗਲੀ ਪਸ਼ੂ ਬਹੁਤ ਤੇਜ਼ ਗਤੀ ਨਾਲ ਭੱਜਦੇ ਹਨ।’ -ਪੀਟੀਆਈ