ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਪਗ੍ਰੇਡ ਕੀਤੇ ਟਰਮੀਨਲ 2 ਦਾ ਉਦਘਾਟਨ ਕੀਤਾ, ਜੋ ਐਤਵਾਰ 26 ਅਕਤੂਬਰ ਤੋਂ ਕਾਰਜਸ਼ੀਲ ਹੋਵੇਗਾ।
ਏਅਰਪੋਰਟ ਅਥਾਰਿਟੀ ਆਫ ਇੰਡੀਆ (ਏ ਏ ਆਈ) ਵੱਲੋਂ ਲਗਪਗ ਚਾਰ ਦਹਾਕੇ ਪਹਿਲਾਂ ਬਣਾਏ ਟਰਮੀਨਲ-2 ਨੂੰ ਇਸ ਵਰ੍ਹੇ ਅਪਰੈਲ ਵਿੱਚ ਮੁਰੰਮਤ ਕਾਰਜਾਂ ਲਈ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਸੀ। ਟਰਮੀਨਲ ਦਾ ਨਵੀਨੀਕਰਨ ਕੀਤਾ ਗਿਆ, ਜਿਸ ਮਗਰੋਂ ਹੁਣ ਇੱਥੇ ਕਰੀਬ ਡੇਢ ਕਰੋੜ ਯਾਤਰੀਆਂ ਦੀ ਸਾਲਾਨਾ ਸਮਰੱਥਾ ਹੈ, ਜਿਸ ਨਾਲ ਹਵਾਈ ਅੱਡੇ ਦੀ ਸਮਰੱਥਾ ਵੀ ਵਧੀ ਹੈ ਤੇ ਯਾਤਰੀਆਂ ਲਈ ਵੀ ਸਹੂਲਤਾਂ ਵਧੀਆਂ ਹਨ। ਭਾਰਤ ਦੇ ਵੱਡੇ ਹਵਾਈ ਅੱਡਿਆਂ ਵਿੱਚੋਂ ਇੱਕ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕੁੱਲ ਤਿੰਨ ਟਰਮੀਨਲ, ਟਰਮੀਨਲ-1, 2 ਅਤੇ 3 ਹਨ ਅਤੇ ਚਾਰ ਰਨਵੇਅ ’ਜ਼ ਹਨ, ਜੋ ਰੋਜ਼ਾਨਾ 1,300 ਤੋਂ ਵੱਧ ਉਡਾਣਾਂ ਦੀ ਆਵਾਜਾਈ ਦਾ ਪ੍ਰਬੰਧ ਕਰਦੇ ਹਨ।
ਅੱਪਗ੍ਰੇਡ ਕੀਤੇ ਟਰਮੀਨਲ 2 ਦੇ ਉਦਘਾਟਨ ਮੌਕੇ ਕਰਵਾਏ ਸਮਾਗਮ ਵਿੱਚ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰੀਅਰ ਨੇ ਕਿਹਾ ਕਿ ਹਵਾਈ ਅੱਡੇ ਦੀ ਸਾਲਾਨਾ ਯਾਤਰੀ ਸੰਭਾਲਣ ਦੀ ਸਮਰੱਥਾ ਹੁਣ ਸੌ ਮਿਲੀਅਨ ਯਾਨੀ ਦਸ ਕਰੋੜ ਤੋਂ ਵੀ ਵੱਧ ਹੈ। ਜੀ ਐੱਮ ਆਰ ਗਰੁੱਪ ਦੀ ਅਗਵਾਈ ਵਾਲਾ ਸੰਗਠਨ ‘ਡਾਇਲ’ ਹਵਾਈ ਸੰਚਾਲਨ ਅਤੇ ਪ੍ਰਬੰਧਨ ਕਰਦਾ ਹੈ। 20 ਮਾਰਚ ਨੂੰ ਡਾਇਲ ਨੇ ਐਲਾਨ ਕੀਤਾ ਸੀ ਕਿ ਟਰਮੀਨਲ-1 ਹੁਣ ਸਾਲਾਨਾ ਚਾਰ ਕਰੋੜ ਯਾਤਰੀਆਂ ਦੀ ਗਿਣਤੀ ਨੂੰ ਯਕੀਨੀ ਬਣਾਉਂਦਾ ਹੈ; ਟਰਮੀਨਲ-3 ’ਤੇ ਹਰ ਸਾਲ ਕਰੀਬ ਸਾਢੇ ਚਾਰ ਕਰੋੜ ਯਾਤਰੀਆਂ ਦਾ ਆਉਣ-ਜਾਣ ਲੱਗਿਆ ਰਹਿੰਦਾ ਹੈ।

