ਐਮਰਜੈਂਸੀ ਹਟਾਉਣ ਵਾਲੇ ਦਿਨ ਹੋਈ ਸੀ ਮੇਰੀ ਯੂਪੀਐੱਸਸੀ ਇੰਟਰਵਿਊ: ਜੈਸ਼ੰਕਰ
ਜੈਸ਼ੰਕਰ ਨੇ ਇੱਥੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ ਚੋਣਾਂ (1977) ਦੇ ਨਤੀਜੇ ਇੱਕ ਦਿਨ ਪਹਿਲਾਂ ਤੋਂ ਆ ਰਹੇ ਸਨ। ਐਮਰਜੈਂਸੀ ਸ਼ਾਸਨ ਦੀ ਹਾਰ ਦਾ ਅਹਿਸਾਸ ਸਾਫ ਦਿਖਾਈ ਦੇ ਰਿਹਾ ਸੀ। ਇੱਕ ਤਰ੍ਹਾਂ ਨਾਲ ਇਸੇ ਗੱਲ ਨੇ ਮੈਨੂੰ ਇੰਟਰਵਿਊ ’ਚ ਕਾਮਯਾਬੀ ਦਿਵਾਈ।’ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਉਸ ਸਮੇਂ 22 ਸਾਲ ਦੇ ਰਹੇ ਜੈਸ਼ੰਕਰ ਨੇ ਕਿਹਾ ਕਿ ਉਹ ਇੰਟਰਵਿਉ ਤੋਂ ਦੋ ਅਹਿਮ ਗੱਲਾਂ ਸਿੱਖ ਕੇ ਮੁੜੇ। ਇੱਕ ਦਬਾਅ ਵਿੱਚ ਸੰਚਾਰ ਦਾ ਮਹੱਤਵ ਅਤੇ ਦੂਜਾ ਇਹ ਕਿ ਮਹੱਤਵਪੂਰਨ ਲੋਕ ‘ਇੱਕ ਦਾਇਰੇ ਤੋਂ ਬਾਹਰ’ ਨਹੀਂ ਦੇਖ ਰਹੇ ਸਨ। ਸਿਵਲ ਸੇਵਾ ’ਚ ਪ੍ਰਵੇਸ਼ ਪਾਉਣ ਵਾਲੇ ਨਵੇਂ ਬੈਚ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਯੂਪੀਐੱਸਸੀ ਪ੍ਰੀਖਿਆ ਨੂੰ ਅਗਨੀ ਪ੍ਰੀਖਿਆ ਦੀ ਤਰ੍ਹਾਂ ਦੱਸਿਆ ਅਤੇ ਕਿਹਾ ਕਿ ਸੇਵਾਵਾਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਇਹ ਦੁਨੀਆ ਦੀ ‘ਬਹੁਤ ਹੀ ਅਨੋਖੀ’ ਪ੍ਰੀਖਿਆ ਪ੍ਰਣਾਲੀ ਹੈ। ਜੈਸ਼ੰਕਰ ਨੇ ਕਿਹਾ ਕਿ ਅਸਲੀ ਚੁਣੌਤੀ ਇੰਟਰਵਿਊ ਹੈ ਅਤੇ ਉਨ੍ਹਾਂ 48 ਸਾਲ ਪਹਿਲਾਂ ਹੋਈ ਯੂਪੀਐੱਸਸੀ ਦੀ ਇੰਟਰਵਿਊ ਦੀ ਮਿਸਾਲ ਦਿੱਤੀ। ਹੁਣ 70 ਸਾਲ ਦੇ ਹੋ ਚੁੱਕੇ ਜੈਸ਼ੰਕਰ ਯਾਦ ਕਰਦੇ ਹਨ, ‘ਮੇਰੀ ਇੰਟਰਵਿਊ 21 ਮਾਰਚ 1977 ਨੂੰ ਸੀ। ਉਸੇ ਦਿਨ ਐਮਰਜੈਂਸੀ ਹਟਾ ਲਈ ਗਈ ਸੀ। ਮੈਂ ਸ਼ਾਹਜਹਾਂ ਰੋਡ ’ਤੇ ਇੰਟਰਵਿਊ ਲਈ ਗਿਆ। ਉਸ ਸਵੇਰੇ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਮੈਂ ਸੀ।’ ਉਨ੍ਹਾਂ ਦੱਸਿਆ ਕਿ ਇੰਟਰਵਿਊ ਦੌਰਾਨ ਉਨ੍ਹਾਂ ਨੂੰ 1977 ਦੀਆਂ ਚੋਣਾਂ ਬਾਰੇ ਸਵਾਲ ਪੁੱਛਿਆ ਗਿਆ ਸੀ। ਇੱਕ ਤਜਰਬੇਕਾਰ ਕੂਟਨੀਤਕ ਤੇ ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਜੋਂ ਵੱਡੇ ਪੱਧਰ ’ਤੇ ਸੇਵਾਵਾਂ ਨਿਭਾ ਚੁੱਕੇ ਜੈਸ਼ੰਕਰ ਨੇ ਕਿਹਾ, ‘ਮੇਰੇ ਲਈ ਇੱਕ ਕਾਮਯਾਬ ਲੋਕਤੰਤਰ ਉਹ ਹੈ ਜਦੋਂ ਪੂਰੇ ਸਮਾਜ ਨੂੰ ਮੌਕੇ ਮਿਲਣ; ਤਾਂ ਹੀ ਲੋਕਤੰਤਰ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਪਰ ਇਹ ਕੁਝ ਲੋਕਾਂ ਦਾ, ਪੂਰੇ ਸਮਾਜ ਵਜੋਂ ਆਪਣੀ ਗੱਲ ਕਹਿਣ ਦਾ ਅਧਿਕਾਰ ਨਹੀਂ ਹੈ।’