Mushtaq Khan's Kidnappers also planned to abduct Shakti Kapoor: ਅਦਾਕਾਰ ਸ਼ਕਤੀ ਕਪੂਰ ਨੂੰ ਅਗਵਾ ਕਰਨ ਦੀ ਫ਼ਿਰਾਕ ਵਿਚ ਸਨ ਮੁਸ਼ਤਾਕ ਖ਼ਾਨ ਦੇ ਕਿਡਨੈਪਰ
ਕਾਮੇਡੀਅਨ ਸੁਨੀਲ ਪਾਲ ਨੂੰ ਕਿਡਨੈਪ ਕਰਨ ਵਾਲਾ ਅਗਵਾਕਾਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ
Advertisement
ਬਿਜਨੌਰ/ਮੇਰਠ(ਯੂਪੀ), 15 ਦਸੰਬਰ
ਅਦਾਕਾਰ ਮੁਸ਼ਤਾਕ ਮੁਹੰਮਦ ਖ਼ਾਨ ਨੂੰ ਦਿੱਲੀ ਹਵਾਈ ਅੱਡੇ ਤੋਂ ਅਗਵਾ ਕਰਨ, ਯੂਪੀ ਦੇ ਬਿਜਨੌਰ ਜ਼ਿਲ੍ਹੇ ਵਿਚ ਬੰਦੀ ਬਣਾ ਕੇ ਰੱਖਣ ਤੇ ਫਿਰੌਤੀ ਮੰਗਣ ਦੇ ਮਾਮਲੇ ਵਿਚ ਗਰੋਹ ਦੇ ਚਾਰ ਮੈਂਬਰਾਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਗਰੋਹ ਦੇ ਮੈਂਬਰ ਬੌਲੀਵੁੱਡ ਅਦਾਕਾਰ ਸ਼ਕਤੀ ਕਪੂਰ ਨੂੰ ਵੀ ਅਗਵਾ ਕਰਨ ਦੀ ਯੋਜਨਾ ਘੜੀ ਬੈਠੇ ਸਨ। ਕਪੂਰ ਨੂੰ ਵੀ ਇਕ ਸਮਾਗਮ ਦੇ ਬਹਾਨੇ ਸੱਦਿਆ ਜਾਣਾ ਸੀ। ਗ੍ਰਿਫ਼ਤਾਰ ਕੀਤੇ ਗਰੋਹ ਦੇ ਮੈਂਬਰਾਂ ਦੀ ਪਛਾਣ ਸਾਰਥਕ ਚੌਧਰੀ, ਸਬੀਉਦਦੀਨ, ਅਜ਼ੀਮ ਤੇ ਸ਼ਸ਼ਾਂਕ ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਕੋਲੋਂ 1.04 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਪੁਲੀਸ ਮੁਤਾਬਕ ਇਹ ਗਰੋਹ ਫ਼ਿਲਮੀ ਸਿਤਾਰਿਆਂ ਨੂੰ ਕਿਸੇ ਸਮਾਗਮ ਦੇ ਸੱਦੇ ਦੀ ਆੜ ਵਿਚ ਐਡਵਾਂਸ ਅਦਾਇਗੀ ਤੇ ਹਵਾਈ ਟਿਕਟਾਂ ਭੇਜ ਕੇ ਅਗਵਾ ਕਰਨ ਦੇ ਧੰਦੇ ਵਿਚ ਸ਼ਾਮਲ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗਰੋਹ ਨੇ ਅਦਾਕਾਰ ਸ਼ਕਤੀ ਕਪੂਰ ਨੂੰ ਵੀ ਅਜਿਹੇ ਇਕ ਮਿਲਦੇ ਜੁਲਦੇ ਸਮਾਗਮ ਵਿਚ ਸ਼ਮੂਲੀਅਤ ਲਈ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਐਡਵਾਂਸ ਵਿਚ ਵੱਧ ਰਕਮ ਮੰਗਣ ਕਰਕੇ ਡੀਲ ਸਿਰੇ ਨਹੀਂ ਚੜ੍ਹ ਸਕੀ। ਪੁਲੀਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਗਰੋਹ ਕਿਤੇ ਹੋਰਨਾਂ ਫ਼ਿਲਮੀ ਸਿਤਾਰਿਆਂ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਤਾਂ ਸ਼ਾਮਲ ਨਹੀਂ ਸੀ। ਲਵੀ ਸਣੇ ਗਰੋਹ ਦੇ ਹੋਰਨਾਂ ਮੈਂਬਰਾਂ ਦੀ ਪੈੜ ਨੱਪਣ ਲਈ ਯਤਨ ਜਾਰੀ ਹਨ।
ਇਸ ਦੌਰਾਨ ਕਾਮੇਡੀਅਨ ਸੁਨੀਲ ਪਾਲ ਨੂੰ ਕਿਡਨੈਪ ਕਰਨ ਵਾਲੇ ਅਗਵਾਕਾਰਾਂ ਵਿਚੋਂ ਇਕ ਅਰਜੁਨ ਨਾਂ ਦਾ ਸ਼ਖ਼ਸ ਅੱਜ ਮੇਰਠ ਵਿਚ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਅਰਜੁਨ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਰਜੁਨ ਨੂੰ ਮੈਡੀਕਲ ਚੈਕਅੱਪ ਲਈ ਲਾਲਕੁੜਤੀ ਪੁਲੀਸ ਥਾਣੇ ਲਿਆਂਦਾ ਗਿਆ ਸੀ ਜਦੋਂਉਸ ਨੇ ਸਬ-ਇੰਸਪੈਕਟਰ ਦਾ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਮੇਰਠ ਦੇ ਐੱਸਐੱਸਪੀ ਵਿਪਿਨ ਟਾਡਾ ਨੇ ਕਿਹਾ ਕਿ ਪੁਲੀਸ ਨੇ ਅਰਜੁਨ ਕੋਲੋਂ ਇਕ ਐੱਸਯੂਵੀ(ਜੋ ਸੁਨੀਲ ਪਾਲ ਦੀ ਕਿਡਨੈਪਿੰਗ ਲਈ ਵਰਤੀ ਗਈਸ ਸੀ), 2.25 ਲੱਖ ਰੁਪਏ ਦੀ ਨਗਦੀ ਤੇ ਅਪਰਾਧ ਲਈ ਵਰਤਿਆ ਮੋਬਾਈਲ ਫੋਨ ਬਰਾਮਦ ਕੀਤਾ ਹੈ। ਅਰਜੁਨ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ। ਪੁਲੀਸ ਵੱਲੋਂ ਉਸ ਦੇ ਹੋਰਨਾਂ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
×