Mumbai train blasts case: ਸੁਪਰੀਮ ਕੋਰਟ ਵੱਲੋਂ 12 ਮੁਲਜ਼ਮਾਂ ਨੂੰ ਰਿਹਾਅ ਕਰਨ ਦੇ ਬੰਬੇ ਹਾਈ ਕੋਰਟ ਦੇ ਫੈਸਲੇ ’ਤੇ ਰੋਕ
ਸੁਪਰੀਮ ਕੋਰਟ ਨੇ 2006 ਮੁੰਬਈ ਰੇਲ ਬੰਬ ਧਮਾਕੇ ਕੇਸ ਵਿਚ 12 ਮੁਲਜ਼ਮਾਂ ਨੂੰ ਰਿਹਾਅ ਕਰਨ ਦੇ ਬੰਬੇ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
ਸਰਬਉੱਚ ਅਦਾਲਤ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨੂੰ ਇੱਕ ਮਿਸਾਲ ਨਹੀਂ ਮੰਨਿਆ ਜਾਵੇਗਾ। ਜਸਟਿਸ ਅਨਿਲ ਕਿਲੋਰ ਅਤੇ ਜਸਟਿਸ ਸ਼ਿਆਮ ਚੰਦਕ ਦੀ ਵਿਸ਼ੇਸ਼ ਹਾਈ ਕੋਰਟ ਬੈਂਚ ਨੇ ਸੋਮਵਾਰ ਨੂੰ ਸੁਣਾਏ ਫੈਸਲੇ ਵਿਚ ਸਾਰੇ 12 ਦੋਸ਼ੀਆਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਸੀ ਕਿ ਇਸਤਗਾਸਾ ਧਿਰ ਦੋਸ਼ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਅਤੇ ‘ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਦੋਸ਼ੀ ਨੇ ਅਪਰਾਧ ਕੀਤਾ।’
ਵਿਸ਼ੇਸ਼ ਅਦਾਲਤ ਵੱਲੋਂ 12 ਵਿੱਚੋਂ ਪੰਜ ਨੂੰ ਮੌਤ ਦੀ ਸਜ਼ਾ ਅਤੇ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੌਤ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿੱਚੋਂ ਇੱਕ ਦੀ 2021 ਵਿੱਚ ਮੌਤ ਹੋ ਗਈ ਸੀ। ਮੁੰਬਈ ਦੀ ਪੱਛਮੀ ਲਾਈਨ ’ਤੇ 11 ਜੁਲਾਈ 2006 ਨੂੰ ਵੱਖ-ਵੱਖ ਥਾਵਾਂ ’ਤੇ ਮੁੰਬਈ ਦੀਆਂ ਲੋਕਲ ਟਰੇਨਾਂ ਵਿੱਚ ਹੋਏ ਸੱਤ ਧਮਾਕਿਆਂ ਵਿੱਚ 180 ਤੋਂ ਵੱਧ ਲੋਕ ਮਾਰੇ ਗਏ ਸਨ।