Mumbai Boat Accident: ਕੁੱਲ 105 ਲੋਕ ਦਾਖਲ, 90 ਨੂੰ ਛੁੱਟੀ 2 ਦੀ ਹਾਲਤ ਗੰਭੀਰ
ਮੁੰਬਈ, 19 ਦਸੰਬਰ Mumbai Boat Accident ਮੁੰਬਈ ਕਿਸ਼ਤੀ ਹਾਦਸੇ ਬਾਰੇ ਤਾਜ਼ਾ ਜਾਣਕਾਰੀ ਦਿੰਦਿਆਂ ਬ੍ਰਿਹਨਮੁੰਬਈ ਨਗਰ ਨਿਗਮ ਨੇ ਵੀਰਵਾਰ ਨੂੰ ਕਿਹਾ ਕਿ ਕੁੱਲ 105 ਲੋਕਾਂ ਨੂੰ ਪੰਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 90 ਨੂੰ ਛੁੱਟੀ ਮਿਲ ਗਈ...
ਮੁੰਬਈ, 19 ਦਸੰਬਰ
Mumbai Boat Accident ਮੁੰਬਈ ਕਿਸ਼ਤੀ ਹਾਦਸੇ ਬਾਰੇ ਤਾਜ਼ਾ ਜਾਣਕਾਰੀ ਦਿੰਦਿਆਂ ਬ੍ਰਿਹਨਮੁੰਬਈ ਨਗਰ ਨਿਗਮ ਨੇ ਵੀਰਵਾਰ ਨੂੰ ਕਿਹਾ ਕਿ ਕੁੱਲ 105 ਲੋਕਾਂ ਨੂੰ ਪੰਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 90 ਨੂੰ ਛੁੱਟੀ ਮਿਲ ਗਈ ਹੈ ਜਾਂ ਸਥਿਰ ਹਾਲਤ ਵਿੱਚ ਹਨ। ਬੀਐਮਸੀ ਨੇ ਇਹ ਵੀ ਦੱਸਿਆ ਕਿ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ 13 ਲੋਕਾਂ ਦੀ ਮੌਤ ਹੋ ਗਈ ਹੈ।
ਬੀਐਮਸੀ ਨੇ ਕਿਹਾ, ‘‘ਭਾਰਤੀ ਜਲ ਸੈਨਾ ਸਮੇਤ ਵੱਖ-ਵੱਖ ਏਜੰਸੀਆਂ ਵੱਲੋਂ ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।" ਭਾਰਤੀ ਜਲ ਸੈਨਾ ਦੇ ਜਹਾਜ਼ ਨੇ ਇੰਜਣ ਖਰਾਬ ਹੋਣ ਕਾਰਨ ਮੁੰਬਈ ਬੰਦਰਗਾਹ ’ਤੇ ਇੰਜਣ ਟਰਾਇਲ ਕਰਦੇ ਸਮੇਂ ਕੰਟਰੋਲ ਗੁਆ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਕਿਸ਼ਤੀ ਇੱਕ ਯਾਤਰੀ ਬੇੜੀ ਨਾਲ ਟਕਰਾ ਗਈ ਜੋ ਬਾਅਦ ਵਿੱਚ ਪਲਟ ਗਈ। ਸਮੁੰਦਰੀ ਫੌਜ ਦੀ ਕਿਸ਼ਤੀ ’ਚ ਸਵਾਰ 6 ਵਿਅਕਤੀਆਂ ’ਚੋਂ 4 ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੈ। ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ ਕਿਸ਼ਤੀ ਵਿੱਚ 20 ਬੱਚਿਆਂ ਸਮੇਤ ਲਗਭਗ 110 ਯਾਤਰੀ ਸਵਾਰ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਕਿਸ਼ਤੀ ਦੁਰਘਟਨਾ ਵਿੱਚ ਹਰੇਕ ਮ੍ਰਿਤਕ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਵੀ ਕੀਤਾ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। -ਏਐੱਨਆਈ