ਘਰਾਂ ’ਚੋਂ ਗਾਇਬ ਹੋ ਰਹੀ ਮਾਂ ਬੋਲੀ ਚਿੰਤਾ ਦਾ ਵਿਸ਼ਾ: ਭਾਗਵਤ
ਆਰ ਅੈੱਸ ਅੈੱਸ ਮੁਖੀ ਨੇ ਭਾਰਤੀ ਭਾਸ਼ਾਵਾਂ ਦੀ ਘਟ ਰਹੀ ਵਰਤੋਂ ’ਤੇ ਚਿੰਤਾ ਜਤਾਈ
ਆਰ ਐੱਸ ਐੱਸ (ਰਾਸ਼ਟਰੀ ਸਵੈਮ ਸੇਵਕ ਸੰਘ) ਮੁਖੀ ਮੋਹਨ ਭਾਗਵਤ ਨੇ ਅੱਜ ਭਾਰਤੀ ਭਾਸ਼ਾਵਾਂ ਅਤੇ ਮਾਂ ਬੋਲੀ ਦੀ ਘਟ ਰਹੀ ਵਰਤੋਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਨਾਗਪੁਰ ਵਿੱਚ ਸੰਤ ਗਿਆਨੇਸ਼ਵਰ ਦੀ ਮਰਾਠੀ ’ਚ ਲਿਖੀ ਪੁਸਤਕ ‘ਸ੍ਰੀ ਗਿਆਨੇਸ਼ਵਰੀ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼ ਕਰਨ ਮੌਕੇ ਭਾਗਵਤ ਨੇ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਕੁਝ ਭਾਰਤੀ ਆਪਣੀਆਂ ਭਾਸ਼ਾਵਾਂ ਤੋਂ ਹੀ ਅਣਜਾਣ ਹੋ ਗਏ ਹਨ। ਉਨ੍ਹਾਂ ਸਮਾਜ ਨੂੰ ਭਾਸ਼ਾਈ ਵਿਰਾਸਤ ਦੇ ਖਾਤਮੇ ਬਾਰੇ ਆਤਮ-ਚਿੰਤਨ ਕਰਨ ਦੀ ਅਪੀਲ ਕੀਤੀ।
ਭਾਗਵਤ ਨੇ ਕਿਹਾ, ‘‘ਇੱਕ ਸਮਾਂ ਸੀ ਜਦੋਂ ਸਾਰਾ ਕੰਮਕਾਜ ਸੰਸਕ੍ਰਿਤ ਵਿੱਚ ਹੁੰਦਾ ਸੀ ਪਰ ਅੱਜ ਅਮਰੀਕੀ ਪ੍ਰੋਫੈਸਰ ਸਾਨੂੰ ਸੰਸਕ੍ਰਿਤ ਸਿਖਾ ਰਹੇ ਹਨ, ਜਦਕਿ ਸਾਨੂੰ ਇਹ ਦੁਨੀਆ ਨੂੰ ਸਿਖਾਉਣੀ ਚਾਹੀਦੀ ਸੀ।’’ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਬੱਚੇ ਘਰਾਂ ਵਿੱਚ ਮਾਂ ਬੋਲੀ ’ਚ ਅੰਗਰੇਜ਼ੀ ਰਲਾ ਕੇ ਬੋਲਦੇ ਹਨ। ਆਰ ਐੱਸ ਐੱਸ ਮੁਖੀ ਨੇ ਸਪੱਸ਼ਟ ਕੀਤਾ ਕਿ ਇਸ ਲਈ ਅੰਗਰੇਜ਼ੀ ਮਾਧਿਅਮ ਵਾਲੀ ਸਿੱਖਿਆ ਜ਼ਿੰਮੇਵਾਰ ਨਹੀਂ ਹੈ, ਸਗੋਂ ਘਰਾਂ ਵਿੱਚ ਆਪਣੀ ਭਾਸ਼ਾ ਬੋਲਣ ਤੋਂ ਗੁਰੇਜ਼ ਕਰਨਾ ਮੁੱਖ ਸਮੱਸਿਆ ਹੈ। ਅੰਗਰੇਜ਼ੀ ਭਾਸ਼ਾ ਵਿੱਚ ਭਾਰਤੀ ਭਾਸ਼ਾਵਾਂ ਦੇ ਡੂੰਘੇ ਵਿਚਾਰਾਂ ਅਤੇ ਸੰਕਲਪ ਸਾਂਝੇ ਕਰਨ ਲਈ ਢੁਕਵੇਂ ਸ਼ਬਦਾਂ ਦੀ ਘਾਟ ਹੈ। ਉਨ੍ਹਾਂ ਉਮੀਦ ਜਤਾਈ ਕਿ ਅੰਗਰੇਜ਼ੀ ਅਨੁਵਾਦ ਪੜ੍ਹ ਕੇ ਲੋਕ ਮੂਲ ਗ੍ਰੰਥ ਪੜ੍ਹਨ ਲਈ ਪ੍ਰੇਰਿਤ ਹੋਣਗੇ।

