DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ

ਦਿੱਲੀ, ਮੁੰਬਈ, ਬੰਗਲੁਰੂ ਹਵਾਈ ਅੱਡੇ ਰਹੇ ਸਭ ਤੋਂ ਵਧ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀ ਏਅਰਲਾਈਨਜ਼ ਦੇ ਅਮਲੇ ਤੋਂ ਦੇਰੀ ਦਾ ਕਾਰਨ ਪੁੱਛਦੇ ਹੋਏ।
Advertisement

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਅੱਜ ਦਿੱਲੀ, ਮੁੰਬਈ, ਬੰਗਲੂਰੂ ਅਤੇ ਹੋਰ ਹਵਾਈ ਅੱਡਿਆਂ ’ਤੇ 300 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ। ਇਸ ਕਾਰਨ ਸੈਂਕੜੇ ਯਤਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਅਮਲੇ ਦੀਆਂ ਸਮੱਸਿਆਵਾਂ ਅਤੇ ਸਮਾਂ ਸਾਰਣੀ ਵਿੱਚ ਕੀਤੀਆਂ ਤਬਦੀਲੀਆਂ ਕਾਰਨ ਇੰਡੀਗੋ ਦੀਆਂ ਵੱਡੀ ਗਿਣਤੀ ਉਡਾਣਾਂ ਵੱਖ-ਵੱਖ ਹਵਾਈ ਅੱਡਿਆਂ ’ਤੇ ਦੇਰੀ ਨਾਲ ਚੱਲੀਆਂ।

ਸੂਤਰਾਂ ਅਨੁਸਾਰ ਦਿੱਲੀ ਹਵਾਈ ਅੱਡੇ ’ਤੇ ਘੱਟੋ-ਘੱਟ 95 ਉਡਾਣਾਂ, ਮੁੰਬਈ ਹਵਾਈ ਅੱਡੇ ‘ਤੇ 85, ਹੈਦਰਾਬਾਦ ਵਿੱਚ 70 ਅਤੇ ਬੰਗਲੂਰੂ ਵਿੱਚ 50 ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਹੋਰ ਹਵਾਈ ਅੱਡਿਆਂ ’ਤੇ ਵੀ ਉਡਾਣਾਂ ਰੱਦ ਹੋਣ ਦੀਆਂ ਸੂਚਨਾਵਾਂ ਹਨ। ਛੇ ਮੁੱਖ ਹਵਾਈ ਅੱਡਿਆਂ - ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੰਗਲੁੂਰੂ ਤੇ ਹੈਦਰਾਬਾਦ ਦੇ ਅੰਕੜਿਆਂ ਦੇ ਆਧਾਰ ’ਤੇ, ਇੰਡੀਗੋ ਦੀ ਸਮੇਂ ਸਿਰ ਕਾਗਰੁਜ਼ਾਰੀ (ਓ ਟੀ ਪੀ) ਬੁੱਧਵਾਰ ਨੂੰ 35 ਫੀਸਦੀ ਤੋਂ ਡਿੱਗ ਕੇ 19.7 ਪ੍ਰਤੀਸ਼ਤ ’ਤੇ ਆ ਗਈ ਸੀ।

Advertisement

ਸੂਤਰਾਂ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟਰ ਜਨਰਲ ਏਅਰਲਾਈਨ ਅਧਿਕਾਰੀਆਂ ਨਾਲ ਸਥਿਤੀ ਬਾਰੇ ਚਰਚਾ ਕਰ ਰਹੇ ਹਨ। ਬਾਅਦ ਦੁਪਹਰੇ ਭਾਰਤੀ ਸੂਚਕ ਅੰਕ ’ਤੇ ਇੰਡੀਗੋ ਦੇ ਸ਼ੇਅਰ 3 ਪ੍ਰਤੀਸ਼ਤ ਤੋਂ ਵੱਧ ਡਿੱਗ ਕੇ 5,417.90 ਪ੍ਰਤੀ ਸ਼ੇਅਰ ’ਤੇ ਆ ਗਏ। ਡੀ ਜੀ ਸੀ ਏ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਇੰਡੀਗੋ ਦੀਆਂ ਉਡਾਣਾਂ ਵਿੱਚ ਸਮੱਸਿਆ ਦੀ ਜਾਂਚ ਕਰ ਰਿਹਾ ਹੈ ਅਤੇ ਏਅਰਲਾਈਨ ਤੋਂ ਮੌਜੂਦਾ ਸਥਿਤੀ ਦੇ ਕਾਰਨਾਂ ਦੇ ਨਾਲ-ਨਾਲ ਉਡਾਣਾਂ ਰੱਦ ਕਰਨ ਅਤੇ ਦੇਰੀ ਨੂੰ ਘਟਾਉਣ ਬਾਰੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਮੰਗੀ ਗਈ ਹੈ।

Advertisement

ਉਧਰ, ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (ਐੱਫ ਆਈ ਪੀ) ਨੇ ਦੋਸ਼ ਲਾਇਆ ਹੈ ਕਿ ਇੰਡੀਗੋ ਨੇ ਕਾਕਪਿਟ ਅਮਲੇ ਲਈ ਨਵੀਂ ਉਡਾਣ ਡਿਊਟੀ ਅਤੇ ਆਰਾਮ ਦੇ ਸਮੇਂ ਸਬੰਧੀ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਪਹਿਲਾਂ ਦੋ ਸਾਲ ਦੀ ਤਿਆਰੀ ਲਈ ਸਮਾਂ ਮਿਲਣ ਦੇ ਬਾਵਜੂਦ, ਅਚਾਨਕ ਭਰਤੀ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਪਾਇਲਟਾਂ ਦੇ ਸਮੂਹ ਨੇ ਡੀ ਜੀ ਸੀ ਏ ਨੂੰ ਅਪੀਲ ਕੀਤੀ ਹੈ ਕਿ ਉਹ ਏਅਰਲਾਈਨ ਦੀਆਂ ਮੌਸਮੀ ਉਡਾਣਾਂ ਦੀਆਂ ਸਮਾਂ ਸਾਰਣੀਆਂ ਨੂੰ ਉਦੋਂ ਤੱਕ ਮਨਜ਼ੂਰੀ ਨਾ ਦੇਵੇ ਜਦੋਂ ਤੱਕ ਉਨ੍ਹਾਂ ਕੋਲ ਨਵੇਂ ਐੱਫ ਡੀ ਟੀ ਐੱਲ ਨਿਯਮਾਂ ਦੇ ਅਨੁਸਾਰ ਆਪਣੀਆਂ ਸੇਵਾਵਾਂ ਨੂੰ ‘ਸੁਰੱਖਿਅਤ ਅਤੇ ਭਰੋਸੇਯੋਗ ਢੰਗ ਨਾਲ’ ਚਲਾਉਣ ਲਈ ਲੋੜੀਂਦਾ ਅਮਲਾ ਨਾ ਹੋਵੇ।

ਇਸੇ ਦੌਰਾਨ ਏਅਰਲਾਈਨ ਦੇ ਸੀ ਈ ਓ ਪੀਟਰ ਐਲਬਰ ਨੇ ਕਿਹਾ ਕਿ ਉਹ ਉਡਾਣਾਂ ਨਿਯਮਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਔਖਾ ਕੰਮ ਹੈ। ਉਨ੍ਹਾਂ ਮੰਨਿਆ ਕਿ ਏਅਰਲਾਈਨ ਖਪਤਕਾਰਾਂ ਨੂੰ ਚੰਗੀ ਸਹੂਲਤ ਦੇਣ ਦਾ ਆਪਣਾ ਵਾਅਦਾ ਨਿਭਾਉਣ ਵਿੱਚ ਅਸਫਲ ਰਹੀ ਹੈ।

ਆਦਮਪੁਰ-ਮੁੰਬਈ ਇੰਡੀਗੋ ਉਡਾਣ ਦੇ ਯਾਤਰੀ ਖੁਆਰ ਹੋਏ

ਜਲੰਧਰ (ਹਤਿੰਦਰ ਮਹਿਤਾ): ਆਦਮਪੁਰ ਤੋਂ ਮੁੰਬਈ ਜਾਣ ਵਾਲੇ ਇੰਡੀਗੋ ਦੇ ਯਾਤਰੀਆਂ ਨੂੰ ਬੁੱਧਵਾਰ ਸ਼ਾਮ ਭਾਰੀ ਖੁਆਰੀ ਝੱਲਣੀ ਪਈ। ਉਨ੍ਹਾਂ ਦੇ ਜਹਾਜ਼ ਨੇ ਸ਼ਾਮ ਚਾਰ ਵਜੇ ਉਡਾਣ ਭਰਨੀ ਸੀ। ਏਅਰਲਾਈਨ ਅਧਿਕਾਰੀਆਂ ਨੇ ਉਨ੍ਹਾਂ ਦੀ ਉਡਾਣ ਤੋਂ ਸਿਰਫ਼ ਇੱਕ ਘੰਟਾ ਪਹਿਲਾਂ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਇੱਥੋਂ ਕੋਈ ਉਡਾਣ ਨਹੀਂ ਜਾਵੇਗੀ ਅਤੇ ਉਹ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ। ਯਾਤਰੀ ਜਿਵੇਂ ਕਿਵੇਂ ਉਥੇ ਪੁੱਜੇ ਪਰ ਉਥੇ ਵੀ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਕਿਉਂਕਿ ਉਥੇ ਵੀ ਅਧਿਕਾਰੀ ਵੀਰਵਾਰ ਸਵੇਰੇ 11 ਵਜੇ ਤੱਕ ਲਗਾਤਾਰ ਉਡਾਣ ’ਚ ਦੇਰੀ ਕਰਦੇ ਰਹੇ। ਅਖੀਰ ਦੁਖੀ ਹੋ ਕੇ ਯਾਤਰੀਆਂ ਨੇ ਜਲੰਧਰ ਵਾਪਸ ਆਉਣ ਦਾ ਫ਼ੈਸਲਾ ਕੀਤਾ। ਜਲੰਧਰ ਦੇ ਵਸਨੀਕ ਅਮਿਤ ਜੱਗੀ ਨੇ ਦੱਸਿਆ ਕਿ ਉਸ ਨੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੁੰਬਈ ਜਾਣਾ ਸੀ ਤੇ ਜਹਾਜ਼ ਨੇ ਬੁੱਧਵਾਰ ਸ਼ਾਮ 4 ਵਜੇ ਉਡਾਣ ਭਰਨੀ ਸੀ। ਉਹ ਸਮੇਂ ਤੋਂ ਪਹਿਲਾਂ ਹਵਾਈ ਅੱਡੇ ’ਤੇ ਪੁੱਜ ਗਿਆ ਸੀ ਤੇ ਇਕ ਘੰਟਾ ਪਹਿਲਾਂ ਉਸ ਨੂੰ ਏਅਰਲਾਈਨਜ਼ ਦਾ ਸੁਨੇਹਾ ਮਿਲਿਆ ਕਿ ਉਹ ਅੰਮ੍ਰਿਤਸਰ ਪਹੁੰਚੇ ਕਿਉਂਕਿ ਉਨ੍ਹਾਂ ਦੇ ਜਹਾਜ਼ ਨੇ ਰਾਤ 10 ਵਜੇ ਅੰਮ੍ਰਿਤਸਰ ਤੋਂ ਉਡਾਣ ਭਰਨੀ ਹੈ। ਉਹ ਉਥੇ ਚਲਾ ਗਿਆ ਤੇ ਉਥੇ ਪਹੁੰਚਣ ’ਤੇ ਉਸ ਨੂੰ ਦੱਸਿਆ ਗਿਆ ਕਿ ਉਡਾਣ ਵਿੱਚ ਦੇਰੀ ਹੋ ਗਈ ਹੈ ਅਤੇ ਹੁਣ ਇਹ ਰਾਤ 11:30 ਵਜੇ ਜਾਵੇਗੀ। ਇਸ ਮਗਰੋਂ ਏਅਰਲਾਈਨਜ਼ ਨੇ 12: 50 ਵਜੇ, ਸਵੇਰੇ 2:20, ਸਵੇਰੇ 4:30 ਵਜੇ, 6:30 ਵਜੇ ਅਤੇ ਫਿਰ 9:30 ਵਜੇ ਜਾਣ ਦੀ ਗੱਲ ਆਖੀ। ਉਸ ਨੇ ਦੱਸਿਆ ਕਿ ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਅਖੀਰ ਸਵੇਰੇ 11 ਵਜੇ ਉਹ ਜਲੰਧਰ ਵਾਪਸ ਆ ਗਿਆ। ਉਦੋਂ ਵੀ ਏਅਰਲਾਈਨਜ਼ ਨੇ ਉਸ ਨੂੰ ਕੋਈ ਠੋਸ ਜਵਾਬ ਨਹੀਂ ਦਿੱਤਾ ਸੀ। ਉਸ ਨੇ ਦੋਸ਼ ਲਾਇਆ ਕਿ ਏਅਰਲਾਈਨਜ਼ ਦਾ ਸਟਾਫ ਬਿਲਕੁਲ ਵੀ ਸਹਿਯੋਗੀ ਨਹੀਂ ਸੀ। ਉਨ੍ਹਾਂ ਨੇ ਉਡਾਣ ਵਿੱਚ ਦੇਰੀ ਦਾ ਕੋਈ ਕਾਰਨ ਨਹੀਂ ਦੱਸਿਆ। ਉਸ ਨੇ ਕਿਹਾ ਕਿ ਉਹ ਬੀਤੇ 35 ਵਰ੍ਹਿਆਂ ਤੋਂ ਹਵਾਈ ਸਫਰ਼ ਕਰ ਰਿਹਾ ਹੈ ਪਰ ਉਸ ਨਾਲ ਅਜਿਹਾ ਕਦੇ ਨਹੀਂ ਹੋਇਆ।

ਜਲੰਧਰ ਦੇ ਕਾਰੋਬਾਰੀ ਆਸ਼ੀਸ਼ ਬਾਹਰੀ ਨੇ ਦੱਸਿਆ ਕਿ ਉਸ ਨੇ ਵੀ ਕੰਮ ਕੇ ਸਿਲਸਿਲੇ ਵਿੱਚ ਮੁੰਬਈ ਜਾਣਾ ਸੀ। ਉਹ ਟੈਕਸੀ ’ਤੇ ਅੰਮ੍ਰਿਤਸਰ ਪਹੁੰਚਿਆ। ਉਸ ਨੇ ਹੋਟਲ ਬੁਕਿੰਗ ਵੀ ਕਰਵਾਈ ਹੋਈ ਸੀ ਜਿਥੇ ਉਸ ਨੇ ਸ਼ਾਮ 7 ਵਜੇ ਤੱਕ ਪਹੁੰਚਣਾ ਸੀ ਪਰ ਏਅਰਲਾਈਨਜ਼ ਵੱਲੋਂ ਉਸ ਨੂੰ 18 ਘੰਟਿਆਂ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਵਾਉਣਾ ਬਹੁਤ ਗ਼ਲਤ ਸੀ। ਸਵੇਰੇ 10 ਵਜੇ ਦੇ ਕਰੀਬ ਉਸ ਦਾ ਸਬਰ ਟੁੱਟ ਗਿਆ ਤੇ ਉਹ ਵਾਪਸ ਆ ਗਿਆ।

Advertisement
×