MONSOON SESSION: ਪਹਿਲਗਾਮ ਹਮਲਾ ਭਾਰਤ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਸੀ:ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਫੌਜ ਨੇ ਪਹਿਲਗਾਮ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਦਹਿਸ਼ਤਗਰਦਾਂ ਦੇ ਆਕਾਵਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਲੋਕ ਸਭਾ ਵਿੱਚ ਪਹਿਲਗਾਮ ਹਮਲੇ ’ਤੇ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਬਹਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਜਿਸ ਤਰ੍ਹਾਂ ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ, ਉਸ ਦਾ ਇਕੋ ਇਕ ਮੰਤਵ ਭਾਰਤ ਵਿੱਚ ਦੰਗੇ ਭੜਕਾਉਣਾ ਸੀ। ਹਾਲਾਂਕਿ ਦੇਸ਼ ਦੀ ਏਕਤਾ ਨੇ ਅਜਿਹੇ ਮਨਸੂਬਿਆਂ ਨੁੂੰ ਨਾਕਾਮ ਕਰ ਦਿੱਤਾ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਇੱਥੇ ਉਨ੍ਹਾਂ ਲੋਕਾਂ ਨੁੂੰ ਸ਼ੀਸ਼ਾ ਵਿਖਾਉਣ ਵਾਸਤੇ ਖੜ੍ਹਾਂ ਹਾਂ, ਜੋ ਦਹਿਸ਼ਤਗਰਦਾਂ ਦੇ ਅਸਲ ਮਨੋਰਥ ਨੂੰ ਸਮਝ ਨਹੀਂ ਪਾ ਰਹੇ।’’
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਦੁਨੀਆ ਦੇ ਕਿਸੇ ਵੀ ਮੁਲਕ ਨੇ ਭਾਰਤ ਨੂੰ ਅਤਿਵਾਦ ਖਿਲਾਫ਼ ਆਪਣੀ ਰੱਖਿਆ ਲਈ ਕੀਤੀ ਜਾਣ ਵਾਲੀ ਕਾਰਵਾਈ ਤੋਂ ਨਹੀਂ ਵਰਜਿਆ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਜਿੱਥੇ ਕੁੱਲ ਆਲਮ ਨੇ ਸਾਡੀ ਹਮਾਇਤ ਕੀਤੀ, ਉਥੇ ਕਾਂਗਰਸ ਦੇਸ਼ ਦੇ ਫੌਜੀਆਂ ਦੀ ਪਿੱਠ ’ਤੇ ਖੜ੍ਹਨ ਵਿਚ ਨਾਕਾਮ ਰਹੀ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਯੂਐੱਨ ਵਿਚ ਪਾਕਿਸਤਾਨ ਦੀ ਸਿਰਫ਼ ਤਿੰਨ ਮੁਲਕਾਂ ਨੇ ਹੀ ਹਮਾਇਤ ਕੀਤੀ।
ਉਨ੍ਹਾਂ ਕਿਹਾ, ‘‘ਮੈਂ ਕਿਹਾ ਸੀ ਕਿ ਅਸੀਂ ਅੱਤਿਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੁੂੰ ਅਜਿਹਾ ਸਬਕ ਸਿਖਾਵਾਂਗੇ, ਜੋ ਉਨ੍ਹਾਂ ਦੀ ਕਲਪਨਾ ਤੋਂ ਵੀ ਪਰੇ ਹੋਵੇਗਾ। ਸਾਨੁੂੰ ਆਪਣੇ ਸੁਰੱਖਿਆ ਬਲਾਂ ’ਤੇ ਪੂਰਾ ਯਕੀਨ ਹੈ ਅਤੇ ਉਨ੍ਹਾਂ ਨੁੂੰ ਕਾਰਵਾਈ ਕਰਨ ਦੀ ਖੁੱਲ੍ਹੀ ਛੋਟ ਸੀ।’’
ਸ੍ਰੀ ਮੋਦੀ ਨੇ ਕਿਹਾ ਕਿ ਪਾਕਿਸਤਾਨ ਨੂੰ ਪਹਿਲਗਾਮ ਹਮਲੇ ਮਗਰੋਂ ਭਾਰਤੀ ਕਾਰਵਾਈ ਬਾਰੇ ਅੰਦਾਜ਼ਾ ਹੋ ਗਿਆ ਸੀ ਜਿਸ ਕਰਕੇ ਗੁਆਂਂਢੀ ਮੁਲਕ ਨੇ ਪ੍ਰਮਾਣੂ ਹਥਿਆਰ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਜਦੋਂ ਭਾਰਤ ਨੇ ਕਾਰਵਾਈ ਕੀਤੀ ਤਾਂ ਉਹ ਕੁਝ ਨਹੀਂ ਕਰ ਸਕੇ।