ਮੌਨਸੂਨ ਸੈਸ਼ਨ: ਵਿਰੋਧੀ ਧਿਰ ਵੱਲੋਂ ਹੰਗਾਮਾ ਜਾਰੀ, ਸੰਸਦ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਨੋਟਿਸ ਰੱਦ ਹੋਣ ’ਤੇ ਵਿਰੋਧੀ ਧਿਰ ਵੱਲੋਂ ਪ੍ਰਦਰਸ਼ਨ, ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ
ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਆਪਣੇ 25 ਕੰਮ ਰੋਕੂ ਮਤੇ ਰੱਦ ਕੀਤੇ ਜਾਣ ਦੇ ਵਿਰੋਧ ਦੇ ਚਲਦਿਆਂ ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਵੇਰ ਦੇ ਸੈਸ਼ਨ (ਸਿਫਰ ਕਾਲ) ਦੌਰਾਨ ਸੂਚੀਬੱਧ ਕਾਗਜ਼ਾਤ ਅਤੇ ਰਿਪੋਰਟਾਂ ਰੱਖਣ ਤੋਂ ਤੁਰੰਤ ਬਾਅਦ ਉਪ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਉਨ੍ਹਾਂ ਨੂੰ ਦਿਨ ਦੇ ਤੈਅਸ਼ੁਦਾ ਕੰਮਕਾਜ ਨੂੰ ਮੁਲਤਵੀ ਕਰਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣ ਲਈ ਨਿਯਮ 267 ਦੇ ਤਹਿਤ ਮੈਂਬਰਾਂ ਤੋਂ 25 ਨੋਟਿਸ ਪ੍ਰਾਪਤ ਹੋਏ ਹਨ।
ਹਾਲਾਂਕਿ, ਉਨ੍ਹਾਂ ਨੇ ਇਹ ਕਹਿੰਦਿਆਂ ਸਾਰੇ ਨੋਟਿਸ ਰੱਦ ਕਰ ਦਿੱਤੇ ਕਿ ਉਹ ਨਿਯਮ 267 ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦੇ। ਕੁਝ ਵਿਰੋਧੀ ਮੈਂਬਰਾਂ ਨੇ ਚੇਅਰ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਉਨ੍ਹਾਂ ਦੇ ਕੰਮ ਰੋਕੂ ਮਤਿਆਂ ਦੇ ਵਿਸ਼ੇ ਦਾ ਐਲਾਨ ਕਰਨ। ਤਿਰੂਚੀ ਸਿਵਾ (ਡੀਐੱਮਕੇ), ਸੰਜੇ ਸਿੰਘ (ਆਪ) ਅਤੇ ਪ੍ਰਮੋਦ ਤਿਵਾੜੀ (ਕਾਂਗਰਸ) ਨੇ ਚੇਅਰ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਸਦਨ ਦੇ ਨਿਯਮ 267 ਦੇ ਤਹਿਤ ਆਪਣੇ ਨੋਟਿਸਾਂ ਦੀ ਪ੍ਰਵਾਨਗੀ ਲਈ ਕਿਹੜੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਇਸ ਦੌਰਾਨ ਕਾਂਗਰਸ ਅਤੇ ਟੀਐੱਮਸੀ ਸਮੇਤ ਵਿਰੋਧੀ ਬੈਂਚਾਂ ਦੇ ਕਈ ਸੰਸਦ ਮੈਂਬਰ ਚੇਅਰ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਖੜ੍ਹੇ ਹੋ ਗਏ। ਚੇਅਰਮੈਨ ਨੇ ਦੱਸਿਆ ਕਿ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਹੁਣ ਤੱਕ ਹੰਗਾਮੇ ਕਾਰਨ 51 ਘੰਟੇ ਅਤੇ 30 ਮਿੰਟ ਦਾ ਸਮਾਂ ਬਰਬਾਦ ਹੋ ਚੁੱਕਾ ਹੈ। ਉਨ੍ਹਾਂ ਨੇ ਵਿਰੋਧ ਕਰ ਰਹੇ ਮੈਂਬਰਾਂ ਨੂੰ ਸਦਨ ਨੂੰ ਚੱਲਣ ਦੇਣ ਦੀ ਅਪੀਲ ਕੀਤੀ ਤਾਂ ਜੋ ਸੰਸਦ ਮੈਂਬਰ ਸਿਫਰ ਕਾਲ ਦੌਰਾਨ ਆਪਣੇ ਮੁੱਦੇ ਚੁੱਕ ਸਕਣ। ਹਾਲਾਂਕਿ ਵਿਰੋਧੀ ਧਿਰ ਨਹੀਂ ਮੰਨੀ, ਜਿਸ ਕਾਰਨ ਕਾਰਵਾਈ ਦੁਪਹਿਰ 2 ਵਜੇ ਤੱਕ ਅਤੇ ਬਾਅਦ ਵਿਚ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।