Monsoon session: ਰਣਨੀਤੀ ਘੜਨ ਲਈ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਬੈਠਕ 15 ਨੂੰ
ਖੜਗੇ, ਰਾਹੁਲ ਸਣੇ ਹੋਰ ਪਾਰਟੀ ਆਗੂ ਹੋਣਗੇ ਸ਼ਾਮਲ; ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ, ਆਪਰੇਸ਼ਨ ਸਿੰਧੂਰ ਤੇ ਹੋਰ ਮਸਲਿਆਂ ’ਤੇ ਸਰਕਾਰ ਨੂੰ ਘੇਰਨ ਬਾਰੇ ਕੀਤੀ ਜਾਵੇਗੀ ਚਰਚਾ
ਨਵੀਂ ਦਿੱਲੀ, 13 ਜੁਲਾਈ
ਕਾਂਗਰਸ ਸੰਸਦੀ ਪਾਰਟੀ ਦੀ ਆਗੂ ਸੋਨੀਆ ਗਾਂਧੀ ਮੰਗਲਵਾਰ ਨੂੰ ਸੰਸਦ ਦੇ ਅਗਾਮੀ ਮੌਨਸੂਨ ਸੈਸ਼ਨ ਲਈ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੌਨਸੂਨ ਸੈਸ਼ਨ ਦੌਰਾਨ ਐਤਕੀਂ ਵਿਰੋਧੀ ਧਿਰ ਅਤੇ ਸਰਕਾਰ ਦਰਮਿਆਨ ਕਈ ਮੁੱਦਿਆਂ ’ਤੇ ਟਕਰਾਅ ਹੋਣ ਦੀ ਉਮੀਦ ਹੈ। ਵਿਰੋਧੀ ਪਾਰਟੀਆਂ ਵੱਲੋਂ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਬਾਰੇ ਚੋਣ ਕਮਿਸ਼ਨ ਦੀ ਪੇਸ਼ਕਦਮੀ ਬਾਰੇ ਸਖ਼ਤ ਚਿੰਤਾਵਾਂ ਜਤਾਏ ਜਾਣ ਦੀ ਉਮੀਦ ਹੈ।
ਕਾਂਗਰਸ ਪਹਿਲਗਾਮ ਹਮਲੇ, ਆਪ੍ਰੇਸ਼ਨ ਸਿੰਧੂਰ ਤੇ ਉਸ ਮਗਰੋਂ ਵੱਖ ਵੱਖ ਮੁਲਕਾਂ ਤੱਕ ਕੂਟਨੀਤਕ ਪਹੁੰਚ ’ਤੇ ਚਰਚਾ ਦੀ ਮੰਗ ਕਰ ਰਹੀ ਹੈ। ਕਾਂਗਰਸ ਦੇ ਸੰਸਦੀ ਦਲ ਦੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਹੋਰਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ 10, ਜਨਪਥ ਨਿਵਾਸ ’ਤੇ ਹੋਣ ਵਾਲੀ ਬੈਠਕ ਦੀ ਪ੍ਰਧਾਨਗੀ ਸੋਨੀਆ ਗਾਂਧੀ ਕਰਨਗੇ। ਚੇਤੇ ਰਹੇ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ 21 ਅਗਸਤ ਤੱਕ ਜਾਰੀ ਰਹੇਗਾ। ਮੌਨਸੂਨ ਇਜਲਾਸ ਦੀ ਮਿਆਦ, ਪਹਿਲਾਂ ਦੀ ਨਿਰਧਾਰਿਤ ਸਮੇਂ ਨਾਲੋਂ ਇੱਕ ਹਫ਼ਤਾ ਵੱਧ ਹੈ, ਜੋ ਭਾਰੀ ਵਿਧਾਨਕ ਏਜੰਡੇ ਦਾ ਸੰਕੇਤ ਹੈ। ਮੌਨਸੂਨ ਸੈਸ਼ਨ ਪਹਿਲਾਂ 12 ਅਗਸਤ ਨੂੰ ਖਤਮ ਹੋਣਾ ਸੀ, ਪਰ ਹੁਣ ਇਸ ਨੂੰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ।
ਸਰਕਾਰ ਕੇਂਦਰੀ ਬਜਟ ਵਿੱਚ ਨਿੱਜੀ ਭਾਈਵਾਲਾਂ ਲਈ ਪਰਮਾਣੂ ਖੇਤਰ ਖੋਲ੍ਹਣ ਦੇ ਐਲਾਨ ਨੂੰ ਲਾਗੂ ਕਰਨ ਲਈ ਪਰਮਾਣੂ ਨੁਕਸਾਨ ਲਈ ਸਿਵਲ ਦੇਣਦਾਰੀ ਐਕਟ ਅਤੇ ਪਰਮਾਣੂ ਊਰਜਾ ਐਕਟ ਵਿੱਚ ਸੋਧ ਕਰਨ ਦੀ ਯੋਜਨਾ ਬਣਾ ਰਹੀ ਹੈ।
ਉਧਰ ਵਿਰੋਧੀ ਧਿਰ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਭਾਰਤੀ ਹਥਿਆਰਬੰਦ ਬਲਾਂ ਵੱਲੋਂ ‘ਆਪ੍ਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਵਿੱਚ ਦਹਿਸ਼ਤੀ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਨੂੰ ਲੈ ਕੇ ਬਹਿਸ ਦੀ ਮੰਗ ਕਰ ਰਹੀ ਹੈ।
ਵਿਰੋਧੀ ਪਾਰਟੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ-ਪਾਕਿਸਤਾਨ ਸੰਘਰਸ਼ ਵਿੱਚ ਵਿਚੋਲਗੀ ਦੇ ਦਾਅਵਿਆਂ ’ਤੇ ਵੀ ਸਰਕਾਰ ਤੋਂ ਜਵਾਬ ਮੰਗਿਆ ਹੈ। -ਪੀਟੀਆਈ