DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੌਨਸੂਨ ਇਜਲਾਸ: ਕੌਮੀ ਖੇਡ ਸ਼ਾਸਨ ਬਿੱਲ ਤੇ ਐਂਟੀ ਡੋਪਿੰਗ (ਸੋਧ) ਬਿੱਲ ਸਮੇਤ 2 ਟੈਕਸ ਬਿੱਲ ਸਦਨ ਵਿਚ ਪਾਸ

ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਤੇ ਹੇਰਾਫੇਰੀ ਨੂੰ ਲੈ ਕੇ ਹੰਗਾਮਾ; ਰਾਜ ਸਭਾ ਵੱਲੋਂ 'ਮਰਚੈਂਟ ਸ਼ਿਪਿੰਗ ਬਿੱਲ’ ਨੂੰ ਪ੍ਰਵਾਨਗੀ

  • fb
  • twitter
  • whatsapp
  • whatsapp
featured-img featured-img
ਵਿਰੋਧੀ ਧਿਰਾਂ ਦੇ ਮੈਂਬਰ ਲੋਕ ਸਭਾ ਵਿਚ ਵੋਟਰ ਸੂਚੀਆਂ ’ਚ ਸੋਧ ਤੇ ਹੇਰਾਫੇਰੀ ਦੇ ਮੁੱਦੇ ’ਤੇ ਨਾਅਰੇਬਾਜ਼ੀ ਕਰਦੇ ਹੋਏ। ਫੋਟੋ: ਵੀਡੀਓਗਰੈਬ ਸੰਸਦ ਟੀਵੀ
Advertisement

ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਅਤੇ ਵੋਟਰ ਸੂਚੀਆਂ ਵਿੱਚ ਕਥਿਤ ਹੇਰਾਫੇਰੀ ਦੇ ਮੁੱਦੇ ’ਤੇ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਮੈਂਬਰਾਂ ਦੇ ਜ਼ੋਰਦਾਰ ਵਿਰੋਧ ਅਤੇ ਨਾਅਰੇਬਾਜ਼ੀ ਕਾਰਨ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 10 ਮਿੰਟਾਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਉਪਰਲਾ ਸਦਨ ਮੁੜ ਜੁੜਿਆ ਤਾਂ 50 ਮਿੰਟ ਦੀ ਕਾਰਵਾਈ ਮਗਰੋਂ ਸਦਨ ਨੂੰ ਤਿੰਨ ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਦਨ ਤੀਜੀ ਵਾਰ ਜੁੜਿਆ ਤਾਂ ਰੌਲੇ ਰੱਪੇ ਦਰਮਿਆਨ ਹੀ ਰਾਜ ਸਭਾ ਨੇ 'ਮਰਚੈਂਟ ਸ਼ਿਪਿੰਗ ਬਿੱਲ, 2024' ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ।

ਉਧਰ ਵਿਰੋਧੀ ਧਿਰਾਂ ਨੇ ਲੋਕ ਸਭਾ ਵਿੱਚ ਵੀ ਇਸੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ। ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਅਤੇ ਵੋਟਰ ਸੂਚੀ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਸਿਰਫ਼ 14 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਲੋਕ ਸਭਾ ਮੁੜ ਜੁੜੀ ਤਾਂ ਵਿਰੋਧੀ ਧਿਰਾਂ ਵੱਲੋਂ ਹੰਗਾਮਾ ਜਾਰੀ ਰਿਹਾ। ਹੰਗਾਮੇ ਦਰਮਿਆਨ ਹੀ ਸਰਕਾਰ ਨੇ ਕੌਮੀ ਖੇਡ ਸ਼ਾਸਨ ਬਿੱਲ ਤੇ ਐਂਟੀ ਡੋਪਿੰਗ (ਸੋਧ) ਬਿੱਲ ਪਾਸ ਕਰ ਦਿੱਤੇ। ਵਿਰੋਧੀ ਧਿਰਾਂ ਦਾ ਰੌਲਾ ਰੱਪਾ ਜਾਰੀ ਰਿਹਾ ਤਾਂ ਸਦਨ ਦੀ ਕਾਰਵਾਈ ਨੂੰ 4 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

Advertisement

ਹਾਲਾਂਕਿ ਵਿਰੋਧੀ ਧਿਰ ਦੇ ਲਗਾਤਾਰ ਵਿਰੋਧ ਦੇ ਵਿਚਕਾਰ ਲੋਕ ਸਭਾ ਨੇ ਸੋਮਵਾਰ ਨੂੰ ਟੈਕਸ ਨਾਲ ਸਬੰਧਤ ਦੋ ਮਹੱਤਵਪੂਰਨ ਕਾਨੂੰਨਾਂ ਇਨਕਮ-ਟੈਕਸ (ਨੰਬਰ 2) ਬਿੱਲ ਅਤੇ ਟੈਕਸੇਸ਼ਨ ਲਾਅਜ਼ (ਸੋਧ) ਬਿੱਲ ਨੂੰ ਪਾਸ ਕੀਤਾ। ਇਨਕਮ-ਟੈਕਸ (ਨੰ. 2) ਬਿੱਲ, 2025 ਦਾ ਉਦੇਸ਼ ਇਨਕਮ ਟੈਕਸ ਐਕਟ 1961 ਨਾਲ ਸਬੰਧਤ ਕਾਨੂੰਨ ਨੂੰ ਮਜ਼ਬੂਤ ​​ਕਰਨਾ ਅਤੇ ਸੋਧ ਕਰਨਾ ਹੈ।
ਇਹ ਬਿੱਲ ਇਨਕਮ ਟੈਕਸ ਐਕਟ, 1961 ਦੀ ਥਾਂ ਲਵੇਗਾ। ਇਸ ਬਿੱਲ ਵਿੱਚ ਭਾਜਪਾ ਦੇ ਸੀਨੀਅਰ ਮੈਂਬਰ ਬੈਜਯੰਤ ਪਾਂਡਾ ਦੀ ਅਗਵਾਈ ਵਾਲੀ ਸਿਲੈਕਟ ਕਮੇਟੀ ਦੀਆਂ ਲਗਭਗ ਸਾਰੀਆਂ ਸਿਫ਼ਾਰਸ਼ਾਂ ਸ਼ਾਮਲ ਹਨ। ਦੂਜਾ ਕਾਨੂੰਨ - ਟੈਕਸੇਸ਼ਨ ਲਾਅਜ਼ (ਸੋਧ) ਬਿੱਲ, 2025 ਇਨਕਮ-ਟੈਕਸ ਐਕਟ, 1961 ਦੇ ਨਾਲ-ਨਾਲ ਵਿੱਤ ਐਕਟ, 2025 ਵਿੱਚ ਸੋਧ ਕਰੇਗਾ। ਇਸ ਦਾ ਉਦੇਸ਼ ਯੂਨੀਫਾਈਡ ਪੈਨਸ਼ਨ ਸਕੀਮ ਦੇ ਗਾਹਕਾਂ ਨੂੰ ਟੈਕਸ ਛੋਟ ਪ੍ਰਦਾਨ ਕਰਨਾ ਹੈ।

ਸੰਸਦ ਦੇ ਦੋਵਾਂ ਸਦਨਾਂ ਵਿੱਚ ਚੱਲ ਰਹੇ ਇਸ ਜਮੂਦ ਕਰਕੇ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ਵਿੱਚ ਅੜਿੱਕਾ ਪਿਆ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਤੱਕ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਅਤੇ ਹੇਰਾਫੇਰੀ ਦੇ ਮਾਮਲਿਆਂ ’ਤੇ ਸਪੱਸ਼ਟ ਜਵਾਬ ਨਹੀਂ ਦਿੱਤਾ ਜਾਂਦਾ, ਉਹ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ।

Advertisement
×