ਮੌਨਸੂਨ ਸੈਸ਼ਨ: ਕਾਂਗਰਸ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਭਲਕੇ
ਨਵੀਂ ਦਿੱਲੀ, 13 ਜੁਲਾਈਕਾਂਗਰਸ ਦੀ ਸੰਸਦੀ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਸੰਸਦ ਦੇ ਮੌਨਸੂਨ ਸੈਸ਼ਨ ਲਈ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ 15 ਜੁਲਾਈ ਨੂੰ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸੰਸਦ ਦਾ ਮੌਨਸੂਨ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਉਮੀਦ ਹੈ ਕਿਉਂਕਿ ਕਾਂਗਰਸ ਪਾਰਟੀ ਸਰਕਾਰ ਨੂੰ ਕਈ ਮੁੱਦਿਆਂ ’ਤੇ ਘੇਰਨ ਦੀ ਯੋਜਨਾ ਬਣਾ ਰਹੀ ਹੈ। ਵਿਰੋਧੀ ਧਿਰ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ ਸਬੰਧੀ ਚੋਣ ਕਮਿਸ਼ਨ ਦੇ ਕਦਮ ’ਤੇ ਸਖ਼ਤ ਇਤਰਾਜ਼ ਜਤਾ ਸਕਦੀ ਹੈ। ਇਸ ਤੋਂ ਇਲਾਵਾ ਕਾਂਗਰਸ ਪਹਿਲਗਾਮ ਹਮਲੇ, ਅਪਰੇਸ਼ਨ ਸਿੰਧੂਰ ਤੇ ਉਸ ਤੋਂ ਬਾਅਦ ਦੀਆਂ ਕੂਟਨੀਤਕ ਗਤੀਵਿਧੀਆਂ ’ਤੇ ਚਰਚਾ ਦੀ ਮੰਗ ਕਰ ਰਹੀ ਹੈ। ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਹੋਰ ਆਗੂਆਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਮੀਟਿੰਗ ਦੀ ਪ੍ਰਧਾਨਗੀ ਸੋਨੀਆ ਗਾਂਧੀ ਆਪਣੀ 10 ਜਨਪਥ ਸਥਿਤ ਰਿਹਾਇਸ਼ ’ਤੇ ਕਰਨਗੇ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਜਾਰੀ ਰਹੇਗਾ ਜੋ ਪਹਿਲਾਂ ਤੋਂ ਤੈਅ ਸਮੇਂ ਤੋਂ ਇੱਕ ਹਫ਼ਤਾ ਵੱਧ ਹੈ। ਇਸ ਤੋਂ ਪਹਿਲਾਂ ਇਹ ਸੈਸ਼ਨ 12 ਅਗਸਤ ਨੂੰ ਖਤਮ ਹੋਣਾ ਸੀ। ਲੰਮੀ ਮਿਆਦ ਵਾਲਾ ਸੈਸ਼ਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸਰਕਾਰ ਪ੍ਰਮਾਣੂ ਊਰਜਾ ਖੇਤਰ ’ਚ ਨਿੱਜੀ ਖੇਤਰ ਦੇ ਦਾਖਲੇ ਨੂੰ ਸੁਖਾਲਾ ਬਣਾਉਣ ਸਮੇਤ ਕਈ ਅਹਿਮ ਬਿੱਲ ਲਿਆਉਣ ਦੀ ਯੋਜਨਾ ਬਣਾ ਰਹੀ ਹੈ। -ਪੀਟੀਆਈ