DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੇਸ਼ ਭਰ ਵਿੱਚ ਅਗਾਊਂ ਪਹੁੰਚਿਆ ਮੌਨਸੂਨ

ਉੱਤਰਕਾਸ਼ੀ ਵਿੱਚ ਬੱਦਲ ਫਟਣ ਕਾਰਨ ਦੋ ਦੀ ਮੌਤ, ਸੱਤ ਲਾਪਤਾ; ਮੌਸਮ ਵਿਭਾਗ ਵੱਲੋਂ ਕਈ ਸੂਬਿਆਂ ਲਈ ਰੈੱਡ ਅਲਰਟ ਜਾਰੀ ਚਾਰ ਧਾਮ ਯਾਤਰਾ ਇਕ ਦਿਨ ਲਈ ਰੋਕੀ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 29 ਜੂਨ

ਦੇਸ਼ ਭਰ ਵਿੱਚ ਮੌਨਸੂਨ ਨੌਂ ਦਿਨ ਪਹਿਲਾਂ ਹੀ ਪਹੁੰਚ ਗਿਆ ਹੈ। ਆਮ ਤੌਰ ’ਤੇ ਇਹ 8 ਜੁਲਾਈ ਨੂੰ ਪਹੁੰਚਦਾ ਹੈ। ਕੌਮੀ ਰਾਜਧਾਨੀ ਦਿੱਲੀ ਵਿੱਚ ਮੌਨਸੂਨ ਨੇ ਅੱਜ ਦਸਤਕ ਦਿੱਤੀ। ਇਸ ਕਾਰਨ ਦਿੱਲੀ ਤੇ ਹੋਰ ਉੱਤਰੀ ਸੂਬਿਆਂ ਵਿੱਚ ਕਾਫੀ ਮੀਂਹ ਪਿਆ ਤੇ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗ ਗਈਆਂ। ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਦੌਰਾਨ ਅੱਜ ਸਵੇਰੇ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਦੋ ਉਸਾਰੀ ਕਾਮਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਮੀਂਹ ਨੂੰ ਦੇਖਦਿਆਂ ਚਾਰਧਾਮ ਯਾਤਰਾ ਇਕ ਦਿਨ ਲਈ ਰੋਕ ਦਿੱਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਉੱਤਰਕਾਸ਼ੀ, ਰੁਦਰਪ੍ਰਯਾਗ, ਦੇਹਰਾਦੂਨ, ਟੀਹਰੀ, ਪੌੜੀ, ਹਰਿਦੁਆਰ ਤੇ ਨੈਨੀਤਾਲ ਸਣੇ ਉੱਤਰਾਖੰਡ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ।

Advertisement

ਮਿਲੀ ਜਾਣਕਾਰੀ ਮੁਤਾਬਕ, ਲਗਾਤਾਰ ਪੈ ਰਹੇ ਮੀਂਹ ਦਰਮਿਆਨ ਉੱਤਰਕਾਸ਼ੀ ਜ਼ਿਲ੍ਹੇ ਵਿਚ ਯਮੁਨੋਤਰੀ ਕੌਮੀ ਸ਼ਾਹਰਾਹ ਉੱਤੇ ਬੜਕੋਟ ਖੇਤਰ ਵਿਚ ਪਾਲੀਗਾੜ ਤੇ ਓਜਰੀ ਡਾਬਰਕੋਟ ਵਿਚਾਲੇ ਸਿਲਾਈ ਬੈਂਡ ਕੋਲ ਬੱਦਲ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਲਾਪਤਾ ਹੋ ਗਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਮੀਂਹ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਲਈ ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਪਹੁੰਚੇ ਹਨ। ਉੱਤਰਕਾਸ਼ੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਅੱਜ ਤੜਕੇ 3 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿੱਚ ਲਾਪਤਾ ਹੋਏ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਹ ਲਾਸ਼ਾਂ ਘਟਨਾ ਵਾਲੀ ਥਾਂ ਤੋਂ 18 ਕਿਲੋਮੀਟਰ ਦੂਰ ਯਮੁਨਾ ਨਦੀ ਦੇ ਕੰਢੇ ਤਿਲਾਡੀ ਸ਼ਹੀਦ ਸਮਾਰਕ ਨੇੜਿਓਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਸਿਲਾਈ ਬੈਂਡ ਨੇੜੇ 29 ਮਜ਼ਦੂਰ ਇੱਕ ਹੋਟਲ ਦਾ ਨਿਰਮਾਣ ਕਾਰਜ ਕਰ ਰਹੇ ਸਨ, ਜਿਨ੍ਹਾਂ ’ਚੋਂ 20 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਰਕੋਟ ਥਾਣੇ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਲਾਪਤਾ ਹੋਏ ਮਜ਼ਦੂਰ ਨੇਪਾਲੀ ਮੂਲ ਦੇ ਦੱਸੇ ਜਾ ਰਹੇ ਹਨ। ਬੱਦਲ ਫਟਣ ਕਾਰਨ ਯਮੁਨੋਤਰੀ ਹਾਈਵੇਅ ਸਿਲਾਈ ਬੈਂਡ ਤੋਂ ਇਲਾਵਾ ਦੋ-ਤਿੰਨ ਹੋਰ ਥਾਵਾਂ ’ਤੇ ਬੰਦ ਹੈ। ਇਸ ਦੇ ਨਾਲ ਹੀ ਓਜਰੀ ਨੇੜੇ ਸੜਕੀ ਸੰਪਰਕ ਵੀ ਟੁੱਟ ਗਿਆ ਹੈ। ਸੂਬੇ ਵਿੱਚ ਮੀਂਹ ਅਤੇ ਢਿੱਗਾਂ ਡਿੱਗਣ ਸਮੇਤ ਹੋਰ ਕੁਦਰਤੀ ਆਫ਼ਤਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਚਾਰਧਾਮ ਯਾਤਰਾ 24 ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਇਹ ਫੈਸਲਾ ਮੌਜੂਦਾ ਮੌਸਮੀ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰਾ ਬਾਰੇ ਅਗਲਾ ਫੈਸਲਾ ਸੋਮਵਾਰ ਨੂੰ ਮੌਸਮ ਦੀ ਸਥਿਤੀ ਅਤੇ ਰੂਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਜਾਵੇਗਾ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 2020 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮੌਨਸੂਨ ਪੂਰੇ ਦੇਸ਼ ਵਿੱਚ ਐਨੀ ਜਲਦੀ ਪਹੁੰਚ ਗਿਆ ਹੈ। ਆਈਐੱਮਡੀ ਨੇ ਇਕ ਬਿਆਨ ਵਿੱਚ ਕਿਹਾ, ‘‘ਮੌਨਸੂਨ ਐਤਵਾਰ, 29 ਜੂਨ 2025 ਨੂੰ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਦੇ ਬਾਕੀ ਹਿੱਸਿਆਂ ਅਤੇ ਪੂਰੀ ਦਿੱਲੀ ਵਿੱਚ ਪਹੁੰਚ ਗਿਆ ਹੈ।’’ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਤੱਕ ਦੇਸ਼ ਦੇ ਉੱਤਰ-ਪੱਛਮੀ, ਮੱਧ, ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਕਾਫੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਆਮ ਤੌਰ ’ਤੇ ਮੌਨਸੂਨ ਪਹਿਲੀ ਜੂਨ ਨੂੰ ਕੇਰਲਾ ਵਿੱਚ ਦਸਤਕ ਦਿੰਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਵਿੱਚ ਪਹੁੰਚ ਜਾਂਦਾ ਹੈ। ਇਸ ਦੀ ਵਾਪਸੀ 17 ਸਤੰਬਰ ਦੇ ਆਸ-ਪਾਸ ਉੱਤਰ-ਪੱਛਮੀ ਭਾਰਤ ਤੋਂ ਸ਼ੁਰੂ ਹੁੰਦੀ ਹੈ ਅਤੇ 15 ਅਕਤੂਬਰ ਤੱਕ ਪਰਤ ਜਾਂਦਾ ਹੈ। ਇਸ ਸਾਲ ਮੌਨਸੂਨ 24 ਮਈ ਨੂੰ ਕੇਰਲਾ ਪਹੁੰਚਿਆ, ਜੋ ਕਿ ਭਾਰਤੀ ਉਪ ਮਹਾਦੀਪ ਵਿੱਚ 2009 ਤੋਂ ਬਾਅਦ ਸਭ ਤੋਂ ਜਲਦੀ ਆਮਦ ਹੈ। ਸਾਲ 2009 ਵਿੱਚ ਮੌਨਸੂਨ 23 ਮਈ ਨੂੰ ਕੇਰਲਾ ਪਹੁੰਚਿਆ ਸੀ। -ਪੀਟੀਆਈ

ਹਿਮਾਚਲ ਪ੍ਰਦੇਸ਼: ਢਿੱਗਾਂ ਡਿੱਗਣ ਕਾਰਨ ਰੇਲ ਤੇ ਸੜਕੀ ਆਵਾਜਾਈ ਪ੍ਰਭਾਵਿਤ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸ਼ਨਿਚਰਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਢਿੱਗਾਂ ਅਤੇ ਦਰੱਖਣ ਡਿੱਗਣ ਕਾਰਨ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਮੀਂਹ ਕਾਰਨ ਸੋਲਨ ਦੇ ਬਰੋਟੀਵਾਲਾ ਉਦਯੋਗਿਕ ਖੇਤਰ ਵਿੱਚ ਇਕ ਪੁਲ ਰੁੜ੍ਹ ਗਿਆ। ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਸ਼ਿਮਲਾ-ਚੰਡੀਗੜ੍ਹ ਨੂੰ ਜੋੜਨ ਵਾਲੇ ਸ਼ਿਮਲਾ-ਕਾਲਕਾ ਕੌਮੀ ਸ਼ਾਹਰਾਹ ’ਤੇ ਕੋਟੀ ਨੇੜੇ ਢਿੱਗਾਂ ਡਿੱਗਣ ਕਾਰਨ ਸੜਕ ਦੇ ਕੁਝ ਹਿੱਸੇ ਨੁਕਸਾਨੇ ਗਏ, ਜਿਸ ਨਾਲ ਦੋ ਤੋਂ ਤਿੰਨ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਹਾਲਾਂਕਿ, ਚੱਕੀਮੋੜ ਨੇੜੇ ਦੋਵੇਂ ਪਾਸੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੰਗੇਸ਼ੂ ਮਾਰਗ ’ਤੇ ਵੀ ਮਲਬਾ ਡਿੱਗਣ ਕਾਰਨ ਬਦਲਵਾਂ ਰਸਤਾ ਬੰਦ ਹੈ, ਜਿਸ ਨੂੰ ਸਾਫ ਕੀਤਾ ਜਾ ਰਿਹਾ ਹੈ। ਸ਼ਿਮਲਾ-ਕਾਲਕਾ ਯੂਨੈਸਕੋ ਵਿਸ਼ਵ ਧਰੋਹਰ ਰੇਲਮਾਰਗ ’ਤੇ ਕੋਟੀ ਖੇਤਰ ਨੇੜੇ ਪਟੜੀਆਂ ’ਤੇ ਚੱਟਾਨਾਂ ਅਤੇ ਦਰੱਖ਼ਤ ਡਿੱਗ ਗਏ, ਜਿਸ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਦੇ ਸਥਾਨਕ ਦਫ਼ਤਰ ਨੇ ਅੱਜ ਸੂਬੇ ਦੇ 10 ਜ਼ਿਲ੍ਹਿਆਂ ਬਿਲਾਸਪੁਰ, ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਲਈ ਮੀਂਹ ਦਾ ‘ਔਰੇਂਜ’ ਅਲਰਟ ਜਾਰੀ ਕੀਤਾ ਹੈ ਅਤੇ 5 ਜੁਲਾਈ ਤੱਕ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਇਨ੍ਹਾਂ 10 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਹੈ। -ਪੀਟੀਆਈ

ਝਾਰਖੰਡ: ਭਾਰੀ ਮੀਂਹ ਮਗਰੋਂ ਪਾਣੀ ਨਾਲ ਘਿਰੇ ਸਕੂਲ ’ਚੋਂ 162 ਵਿਦਿਆਰਥੀ ਕੱਢੇ

ਜਮਸ਼ੇਦਪੁਰ (ਝਾਰਖੰਡ): ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਨਾਲ ਘਿਰੇ ਇਕ ਸਕੂਲ ਵਿੱਚ ਫਸੇ ਘੱਟੋ-ਘੱਟ 162 ਵਿਦਿਆਰਥੀਆਂ ਨੂੰ ਅੱਜ ਪੁਲੀਸ ਨੇ ਸੁਰੱਖਿਅਤ ਬਾਹਰ ਕੱਢ ਲਿਆ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।

ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਵਿੱਚ ਪਾਣੀ ਨਾਲ ਘਿਰੇ ਸਕੂਲ ’ਚੋਂ ਵਿਦਿਆਰਥੀਆਂ ਨੂੰ ਕੱਢਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ

ਭਾਰਤੀ ਮੌਸਮ ਵਿਭਾਗ ਨੇ ਰਾਂਚੀ ਸਣੇ ਝਾਰਖੰਡ ਦੇ ਕਈ ਹਿੱਸਿਆਂ ਵਿੱਚ ਪਹਿਲੀ ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ‘ਔਰੇਂਜ ਅਲਰਟ’ ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਸਕੂਲ ਕੰਪਲੈਕਸ ਵਿੱਚ ਪਾਣੀ ਭਰਨ ਤੋਂ ਬਾਅਦ ਸ਼ਨਿਚਰਵਾਰ ਰਾਤ ਤੋਂ ਹੀ ਕੋਵਾਲੀ ਥਾਣਾ ਖੇਤਰ ਦੇ ਹਲਦੀਪੋਖਰ-ਕੋਵਾਲੀ ਰੋਡ ’ਤੇ ਪੰਡਰਸੋਲੀ ਸਥਿਤ ਸਕੂਲ ਵਿੱਚ ਵਿਦਿਆਰਥੀ ਫਸੇ ਹੋਏ ਸਨ। ਐੱਸਪੀ (ਦਿਹਾਤੀ) ਰਿਸ਼ਭ ਗਰਗ ਨੇ ਦੱਸਿਆ, ‘‘ਸਾਨੂੰ ਸੂਚਨਾ ਮਿਲੀ ਸੀ ਕਿ ਭਾਰੀ ਮੀਂਹ ਕਾਰਨ ਲਵ ਕੁਸ਼ ਰਿਹਾਇਸ਼ੀ ਸਕੂਲ ਦਾ ਕੰਪਲੈਕਸ ਪਾਣੀ ਨਾਲ ਘਿਰ ਗਿਆ ਹੈ, ਜਿਸ ਵਿੱਚ 162 ਵਿਦਿਆਰਥੀ ਫਸ ਗਏ ਹਨ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਛੱਤ ’ਤੇ ਭੇਜ ਦਿੱਤਾ ਸੀ, ਜਿੱਥੇ ਉਨ੍ਹਾਂ ਨੇ ਰਾਤ ਲੰਘਾਈ।’’ ਉਨ੍ਹਾਂ ਦੱਸਿਆ, ‘‘ਅੱਜ ਸਵੇਰੇ ਕਰੀਬ 5.30 ਵਜੇ ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਜਵਾਨ ਮੌਕੇ ’ਤੇ ਪਹੁੰਚੇ ਅਤੇ ਪਿੰਡਾਂ ਦੇ ਲੋਕਾਂ ਦੀ ਮਦਦ ਨਾਲ ਇਕ-ਇਕ ਕਰ ਕੇ ਵਿਦਿਆਰਥੀਆਂ ਨੂੰ ਸਕੂਲ ’ਚੋਂ ਬਾਹਰ ਕੱਢਿਆ।’’ -ਪੀਟੀਆਈ

Advertisement
×