ਜਾਤੀਗਤ ਹਿੰਸਾ ਤੋਂ ਦੋ ਸਾਲ ਬਾਅਦ ਮੋਦੀ ਦਾ ਮਨੀਪੁਰ ਦੌਰਾ ਅੱਜ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਮਨੀਪੁਰ ਦੇ ਦੌਰੇ ’ਤੇ ਜਾਣਗੇ। ਮਈ 2023 ਵਿੱਚ ਜਾਤੀਗਤ ਹਿੰਸਾ ਭੜਕਣ ਮਗਰੋਂ ਮੋਦੀ ਦਾ ਇਹ ਪਹਿਲਾ ਦੌਰਾ ਹੋਵੇਗਾ। ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਵੱਲੋਂ ਸੂਬੇ ’ਚ ਹਿੰਸਾ ਰੋਕਣ ’ਚ ਨਾਕਾਮ ਰਹਿਣ ਅਤੇ ਉਨ੍ਹਾਂ ਵੱਲੋਂ ਉਥੋਂ ਦੇ ਲੋਕਾਂ ’ਤੇ ਮੱਲ੍ਹਮ ਲਗਾਉਣ ਲਈ ਸੂਬੇ ਦਾ ਦੌਰਾ ਨਾ ਕਰਨ ਲਈ ਲਗਾਤਾਰ ਨਿਸ਼ਾਨੇ ’ਤੇ ਲਿਆ ਹੈ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ 8,500 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਆਗ਼ਾਜ਼ ਕਰਨਗੇ। ਸੂਬੇ ਦੇ ਮੁੱਖ ਸਕੱਤਰ ਪੁਨੀਤ ਕੁਮਾਰ ਗੋਇਲ ਨੇ ਮੋਦੀ ਦੇ ਦੌਰੇ ਦੀ ਅੱਜ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਚੂਰਾਚਾਂਦਪੁਰ ਅਤੇ ਇੰਫਾਲ ’ਚ ਘਰੋਂ ਦਰ-ਬਦਰ ਹੋਏ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਮਨੀਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ’ਚ ਪ੍ਰੋਗਰਾਮਾਂ ’ਚ ਸ਼ਮੂਲੀਅਤ ਕਰਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਕਿਹਾ, ‘‘ਮਨੀਪੁਰ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਪ੍ਰਧਾਨ ਮੰਤਰੀ ਚੂਰਾਚਾਂਦਪੁਰ ’ਚ 7,300 ਕਰੋੜ ਰੁਪਏ ਦੀ ਲਾਗਤ ਨਾਲ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਣਗੇ।’’ ਮੋਦੀ ਇੰਫਾਲ ’ਚ 1,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਮਨੀਪੁਰ ’ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ ਦੇ ਮਾਹੌਲ ਦਾ ਰਾਹ ਪੱਧਰਾ ਕਰੇਗਾ। ਉਹ ਚੁਰਾਚਾਂਦਪੁਰ ਅਤੇ ਇੰਫਾਲ ’ਚ ਲੋਕਾਂ ਨਾਲ ਮੁਲਾਕਾਤ ਤੋਂ ਇਲਾਵਾ ਦੋ ਰੈਲੀਆਂ ਨੂੰ ਵੀ ਸੰਬੋਧਨ ਕਰਨਗੇ।