ਟਰੰਪ ਨਾਲ ਖਾਸ ਯਾਰੀ ਬਾਰੇ ਮੋਦੀ ਦਾ ਦਾਅਵਾ ਪੂਰੀ ਤਰ੍ਹਾਂ ਬੇਨਕਾਬ: ਕਾਂਗਰਸ
ਭਾਰਤ ਪਾਕਿ ਟਕਰਾਅ ਤੋਂ ਬਾਅਦ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਦੇ ਦੂਜੀ ਵਾਰ ਅਮਰੀਕਾ ਦੌਰੇ ਦੀ ਤਿਆਰੀ ਦੀਆਂ ਰਿਪੋਰਟਾਂ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਖਾਸ ਸਬੰਧ ਹੋਣ ਦਾ ਦਾਅਵਾ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ, ‘‘ਫੀਲਡ ਮਾਰਸ਼ਲ ਆਸਿਮ ਮੁਨੀਰ, ਜਿਨ੍ਹਾਂ ਨੇ ਭੜਕਾਊ ਟਿੱਪਣੀਆਂ ਕੀਤੀਆਂ, ਅਮਰੀਕਾ ਦੇ ਪਸੰਦੀਦਾ ਜਾਪਦੇ ਹਨ।’’ ਰਮੇਸ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੁਨੀਰ ਦੀ 18 ਜੂਨ 2025 ਨੂੰ ਰਾਸ਼ਟਰਪਤੀ ਟਰੰਪ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਦੁਪਹਿਰ ਦੇ ਖਾਣੇ ’ਤੇ ਮੇਜ਼ਬਾਨੀ ਕੀਤੀ ਗਈ ਸੀ।
ਉਨ੍ਹਾਂ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਪਾਕਿਸਤਾਨੀ ਫੌਜ ਮੁਖੀ ਜਲਦੀ ਹੀ ਅਮਰੀਕਾ ਦੇ ਕੇਂਦਰੀ ਕਮਾਂਡ ਮੁਖੀ ਜਨਰਲ ਮਾਈਕਲ ਕੁਰਿਲਾ ਲਈ ਇੱਕ ਵਿਦਾਈ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਬਾਰਾ ਅਮਰੀਕਾ ਜਾ ਰਹੇ ਹਨ। ਜਨਰਲ ਕੁਰਿਲਾ ਉਹ ਹਨ ਜਿਨ੍ਹਾਂ ਨੇ 10 ਜੂਨ 2025 ਨੂੰ ਆਪਣੇ ਸ਼ਬਦਾਂ ਵਿਚ ਪਾਕਿਸਤਾਨ ਨੂੰ, ‘ਅਤਿਵਾਦ ਵਿਰੋਧੀ ਕਾਰਵਾਈਆਂ ਵਿੱਚ ਇੱਕ ਸ਼ਾਨਦਾਰ ਸਾਥੀ ਕਿਹਾ ਸੀ। ਇਹ ਕਿੰਨਾ ਅਜੀਬ ਸਰਟੀਫਿਕੇਟ ਸੀ।’’
ਰਮੇਸ਼ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਟਰੰਪ ਨਾਲ ਇੱਕ ਖਾਸ ਰਿਸ਼ਤੇ ਦਾ ਦਾਅਵਾ ਕਰਦੇ ਹਨ। ਉਹ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਵਰੀ 2025 ਤੋਂ ਅਮਰੀਕਾ ਦਾ ਨਵੀਂ ਦਿੱਲੀ ਵਿੱਚ ਕੋਈ ਨਿਯਮਤ ਰਾਜਦੂਤ ਨਹੀਂ ਹੈ ਅਤੇ ਨਾ ਹੀ ਇਸ ਨੇ ਅਮਰੀਕੀ ਸੈਨੇਟ ਰਾਹੀਂ ਪੁਸ਼ਟੀ ਲਈ ਅਜੇ ਤੱਕ ਕਿਸੇ ਦਾ ਨਾਮ ਦਿੱਤਾ ਹੈ, ਜਿਵੇਂ ਕਿ ਚੀਨ ਵਰਗੇ ਹੋਰ ਮੁੱਖ ਦੇਸ਼ਾਂ ਲਈ ਹੈ।
‘ਡਾਨ ਨਿਊਜ਼’ ਅਨੁਸਾਰ ਮੁਨੀਰ ਦੇ ਇਸ ਹਫ਼ਤੇ ਚੋਟੀ ਦੇ ਅਮਰੀਕੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਲਈ ਅਮਰੀਕਾ ਦਾ ਦੌਰਾ ਕਰਨ ਦੀ ਉਮੀਦ ਹੈ।