Modi Vs Mamta on 'Operation Sindoor': ਮੋਦੀ 'ਆਪ੍ਰੇਸ਼ਨ ਸਿੰਦੂਰ' ਦਾ ਸਿਆਸੀਕਰਨ ਕਰ ਰਹੇ: ਮਮਤਾ ਬੈਨਰਜੀ
ਕੋਲਕਾਤਾ, 29 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal Chief Minister Mamata Banerjee) ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ 'ਆਪ੍ਰੇਸ਼ਨ ਸਿੰਦੂਰ' ਤੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਗਾਇਆ। ਗ਼ੌਰਤਲਬ ਹੈ ਕਿ ਭਾਰਤੀ ਫ਼ੌਜ ਨੇ 22 ਅਪਰੈਲ ਨੂੰ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ਵਿਚ ਕੀਤੇ ਗਏ ਹਮਲੇ ਦੇ ਜਵਾਬ ਵਜੋਂ ‘ਆਪਰੇਸ਼ਨ ਸਿੰਦੂਰ’ ਤਹਿਤ ਕਾਰਵਾਈ ਕੀਤੀ ਸੀ।
ਤ੍ਰਿਣਮੂਲ ਕਾਂਗਰਸ ਦੀ ਆਗੂ ਬੀਬੀ ਮਮਤਾ ਨੇ ਦੋਸ਼ ਲਾਇਆ, "ਕੇਂਦਰ ਨੇ ਆਉਣ ਵਾਲੀਆਂ ਚੋਣਾਂ (ਵੱਖ-ਵੱਖ ਰਾਜਾਂ ਵਿੱਚ) ਤੋਂ ਪਹਿਲਾਂ ਰਾਜਨੀਤਿਕ ਲਾਭ ਲਈ (ਫੌਜੀ ਹਮਲੇ ਨੂੰ) 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ।"
ਗ਼ੌਰਤਲਬ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪੱਛਮੀ ਬੰਗਾਲ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਅੱਤਵਾਦ ਵਿਰੁੱਧ ਭਾਰਤ ਦੇ ਸਖ਼ਤ ਰੁਖ਼ ਨੂੰ ਮਜ਼ਬੂਤ ਕਰਨ ਲਈ ਦੁਰਗਾ ਪੂਜਾ ਦੌਰਾਨ ਬੰਗਾਲੀ ਔਰਤਾਂ ਦੁਆਰਾ ਮਨਾਏ ਜਾਣ ਵਾਲੇ 'ਸਿੰਦੂਰ ਖੇਲਾ' ਦੀ ਰਵਾਇਤੀ ਰਸਮ ਦਾ ਹਵਾਲਾ ਦਿੰਦੇ ਹੋਏ, ਸਿੰਦੂਰ ਨਾਲ ਖੇਤਰ ਦੇ ਡੂੰਘੇ ਸੱਭਿਆਚਾਰਕ ਅਤੇ ਭਾਵਨਾਤਮਕ ਸਬੰਧ ਦਾ ਜ਼ਿਕਰ ਕੀਤਾ।
ਬੈਨਰਜੀ ਨੇ ਕਿਹਿਾ, ‘‘ਮੈਂ ਨਿਰਾਸ਼ ਹਾਂ ਕਿ ਮੋਦੀ ਨੇ ਅਜਿਹੇ ਸਮੇਂ ਬੰਗਾਲ ਦੀ ਆਲੋਚਨਾ ਕੀਤੀ ਜਦੋਂ ਸਰਬ-ਪਾਰਟੀ ਵਫ਼ਦ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰ ਰਹੇ ਹਨ (ਕੇਂਦਰ ਦੇ ਅੱਤਵਾਦ ਵਿਰੋਧੀ ਸਟੈਂਡ ਦਾ ਸਮਰਥਨ ਕਰਨ ਲਈ, ਖਾਸ ਕਰਕੇ ਪਹਿਲਗਾਮ ਹਮਲੇ ਤੋਂ ਬਾਅਦ)।"
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੋਦੀ ਨੇ ਅਪਰੇਸ਼ਨ ਸਿੰਦੂਰ ਤੋਂ ਬਾਅਦ ਪੱਛਮੀ ਬੰਗਾਲ ਵਿਚ ਆਪਣੀ ਪਹਿਲੀ ਰੈਲੀ ਨੂੰ ਕਰਦਿਆਂ ਅਲੀਪੁਰਦੁਆਰ ਵਿਚ ਕਿਹਾ ਕਿ ‘ਅਪਰੇਸ਼ਨ ਸਿੰਦੂਰ ਹਾਲੇ ਖ਼ਤਮ ਨਹੀਂ ਹੋਇਆ, ਸਗੋਂ ਜਾਰੀ ਹੈ’। ਇਸ ਮੌਕੇ ਉਨ੍ਹਾਂ ਮੁਰਸ਼ਿਦਾਬਾਦ ਹਿੰਸਾ, ਅਧਿਆਪਕ ਘਪਲੇ ਤੇ ਹੋਰ ਮੁੱਦਿਆਂ ਨੂੰ ਲੈ ਕੇ ਮਮਤਾ ਬੈਨਰਜੀ ਦੀ ਸਰਕਾਰ ਉਤੇ ਜ਼ੋਰਦਾਰ ਹਮਲੇ ਵੀ ਕੀਤੇ। -ਪੀਟੀਆਈ