ਟਰੰਪ ਨੂੰ ਠੋਕਵਾਂ ਜੁਆਬ ਦੇਣ ’ਚ ਅਸਮਰੱਥ ਨੇ ਮੋਦੀ: ਠਾਕਰੇ
ਸ਼ਿਵ ਸੈਨਾ-ਯੂਬੀਟੀ ਸੁਪਰੀਮੋ ਊਧਵ ਠਾਕਰੇ ਨੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾ ਰਹੇ ਹਨ, ਜੋ ਉਨ੍ਹਾਂ ਨੂੰ ਮੋੜਵਾਂ ਜੁਆਬ ਦੇਣ ਦੇ ਅਸਮਰੱਥ ਹਨ। ਇੱਥੇ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਠਾਕਰੇ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਦੇ ਪ੍ਰਚਾਰ ਮੰਤਰੀਆਂ (ਪ੍ਰਾਪੇਗੰਡਾ ਮੰਤਰੀਆਂ) ਵਾਂਗ ਵਰਤਾਓ ਕਰ ਰਹੇ ਹਨ ਜਦਕਿ ਮੁਲਕ ਨੂੰ ਅਜਿਹੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਲੋੜ ਹੈ ਜੋ ਮੌਜੂਦਾ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋਣ। ਉਨ੍ਹਾਂ ਕਿਹਾ,‘ਟਰੰਪ ਲਗਾਤਾਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾ ਰਹੇ ਹਨ। ਅਸੀਂ ਉਨ੍ਹਾਂ ਦਾ ਜੁਆਬ ਦੇਣ ਦੇ ਅਸਮਰੱਥ ਹਾਂ, ਸਿਰਫ਼ ਉਨ੍ਹਾਂ ਦੇ ਜੁਆਬ ਸੁਣੀ ਜਾ ਰਹੇ ਹਾਂ। ਇਹ ਸਰਕਾਰ ਵਿਦੇਸ਼ ਨੀਤੀ ਪੱਖੋਂ ਫੇਲ੍ਹ ਸਾਬਿਤ ਹੋਈ ਹੈ। ਮੁਲਕ ਨੂੰ ਮਜ਼ਬੂਤ ਪ੍ਰਧਾਨ ਮੰਤਰੀ, ਸ਼ਕਤੀਸ਼ਾਲੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਦੀ ਲੋੜ ਹੈ।’ ਦਰਅਸਲ, ਸ੍ਰੀ ਠਾਕਰੇ ਨੇ ਇਹ ਟਿੱਪਣੀਆਂ ਭਾਰਤ ਵੱਲੋਂ ਰੂਸ ਤੋਂ ਤੇਲ ਦੀ ਖ਼ਰੀਦ ਜਾਰੀ ਰੱਖਣ ’ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ’ਤੇ 25 ਫ਼ੀਸਦੀ ਦਾ ਵਾਧੂ ਟੈਰਿਫ ਲਾਉਣ ਦੇ ਬਿਆਨ ਸਮੇਤ ਬਰਾਮਦ ਹੋਣ ਵਾਲੀਆਂ ਵਸਤਾਂ ’ਤੇ ਕੁੱਲ 50 ਫ਼ੀਸਦੀ ਟੈਕਸ ਲਾਉਣ ਸਬੰਧੀ ਦਿੱਤੇ ਬਿਆਨ ਮਗਰੋਂ ਕੀਤੀਆਂ ਹਨ।