ਮੋਦੀ ਐੱਸਸੀਓ ਸੰਮੇਲਨ ਲਈ ਇਸ ਮਹੀਨੇ ਜਾਣਗੇ ਚੀਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਤ ਸਾਲਾਂ ਦੇ ਵਕਫ਼ੇ ਮਗਰੋਂ ਇਸ ਮਹੀਨੇ ਦੇ ਅਖ਼ੀਰ ਵਿੱਚ ਚੀਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ 29 ਅਗਸਤ ਦੇ ਨੇੜੇ-ਤੇੜੇ ਜਪਾਨ ਦੀ ਯਾਤਰਾ ’ਤੇ ਜਾਣਗੇ। ਇਸ ਦੌਰੇ ਦੀ ਸਮਾਪਤੀ ਮਗਰੋਂ ਉਹ 31 ਅਗਸਤ ਤੋਂ ਪਹਿਲੀ ਸਤੰਬਰ ਤੱਕ ਹੋਣ ਵਾਲੇ ਐੱਸਸੀਓ ਸਿਖ਼ਰ ਸੰਮੇਲਨ ਲਈ ਚੀਨ ਦੇ ਉੱਤਰੀ ਸ਼ਹਿਰ ਤਿਆਨਜਿਨ ਜਾਣਗੇ।
ਮੋਦੀ ਦੀ ਚੀਨ ਯਾਤਰਾ ਦੀ ਯੋਜਨਾ ਦੋਵਾਂ ਧਿਰਾਂ ਵੱਲੋਂ ਆਪਣੇ ਦੁਵੱਲੇ ਸਬੰਧਾਂ ਨੂੰ ਸੁਧਾਰਨ ਦੇ ਯਤਨਾਂ ਦਰਮਿਆਨ ਬਣਾਈ ਜਾ ਰਹੀ ਹੈ। ਗਲਵਾਨ ਘਾਟੀ ਵਿੱਚ ਜੂਨ 2020 ਵਿੱਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਹਿੰਸਕ ਝੜਪਾਂ ਮਗਰੋਂ ਗੰਭੀਰ ਦੋਵਾਂ ਦੇਸ਼ਾਂ ਦਰਮਿਆਨ ਗੰਭੀਰ ਤਣਾਅ ਪੈਦਾ ਹੋ ਗਿਆ ਸੀ।
ਮੋਦੀ ਦੇ ਜਪਾਨ ਤੇ ਚੀਨ ਦੌਰੇ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਹ ਯਾਤਰਾ 29 ਅਗਸਤ ਤੋਂ ਪਹਿਲੀ ਸਤੰਬਰ ਤੱਕ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਆਖ਼ਰੀ ਵਾਰ ਜੂਨ 2018 ਵਿੱਚ ਐੱਸਸੀਓ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਚੀਨ ਦਾ ਦੌਰਾ ਕੀਤਾ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਕਤੂਬਰ 2019 ਵਿੱਚ ਦੂਸਰੇ ‘ਗ਼ੈਰ-ਰਸਮੀ ਸਿਖ਼ਰ ਸੰਮੇਲਨ’ ਲਈ ਭਾਰਤ ਆਏ ਸਨ।
ਪਿਛਲੇ ਕੁਝ ਮਹੀਨਿਆਂ ਦੌਰਾਨ ਦੋਵਾਂ ਧਿਰਾਂ ਨੇ ਸਰਹੱਦੀ ਵਿਵਾਦ ਦੇ ਨਿਬੇੜੇ ਲਈ ਵਿਸ਼ੇਸ਼ ਪ੍ਰਤੀਨਿਧ ਵਾਰਤਾ ਬਹਾਲ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਦਰਮਿਆਨ 23 ਅਕਤੂਬਰ, 2024 ਨੂੰ ਕਜ਼ਾਨ (ਰੂਸ) ਵਿੱਚ ਹੋਈ ਮੀਟਿੰਗ ਮਗਰੋਂ ਦੋਵਾਂ ਮੁਲਕਾਂ ਨੇ ਗੱਲਬਾਤ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ।
ਮੋਦੀ-ਸ਼ੀ ਦਰਮਿਆਨ ਇਹ ਮੀਟਿੰਗ ਭਾਰਤ ਅਤੇ ਚੀਨ ਦਰਮਿਆਨ ਦੇਪਸਾਂਗ ਅਤੇ ਡੈਮਚੋਕ ਤੋਂ ਫੌਜਾਂ ਪਿੱਛੇ ਹਟਾਉਣ ਸਬੰਧੀ ਸਮਝੌਤੇ ਤੋਂ ਦੋ ਦਿਨ ਬਾਅਦ ਹੋਈ ਸੀ। ਦੋਵਾਂ ਧਿਰਾਂ ਨੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਜਿਨ੍ਹਾਂ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨਾ ਅਤੇ ਭਾਰਤ ਵੱਲੋਂ ਚੀਨੀ ਨਾਗਰਿਕਾਂ ਨੂੰ ਸੈਲਾਨੀ ਵੀਜ਼ਾ ਜਾਰੀ ਕਰਨਾ ਸ਼ਾਮਲ ਹਨ। ਦੋਵਾਂ ਦੇਸ਼ਾਂ ਦਰਮਿਆਨ ਸਿੱਧੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਢੰਗ-ਤਰੀਕਿਆਂ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਐੱਸਸੀਓ ਮੀਟਿੰਗਾਂ ਵਿੱਚ ਹਿੱਸਾ ਲੈਣ ਲਈ ਚੀਨ ਗਏ ਸਨ। ਚੀਨ ਇਸ ਸਮੇਂ ਐੱਸਸੀਓ ਦਾ ਪ੍ਰਧਾਨ ਹੈ। ਹਾਲਾਂਕਿ, ਇਹ ਫੌਰੀ ਸਪਸ਼ਟ ਨਹੀਂ ਹੋ ਸਕਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਐੱਸਸੀਓ ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਦੇ ਦੁਵੱਲੀ ਮੀਟਿੰਗ ਕਰਨਗੇ ਜਾਂ ਨਹੀਂ।
ਸੰਭਾਵਨਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ ਸਿਖਰਲੇ ਆਗੂ ਐੱਸਸੀਓ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣਗੇ।
ਚੀਨ ਦਾ ਪੰਜ ਵਾਰ ਦੌਰਾ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ ਪੰਜ ਵਾਰ ਚੀਨ ਦਾ ਦੌਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ 2015 ਵਿੱਚ ਪਹਿਲੀ ਵਾਰ ਚੀਨ ਗਏ ਸਨ। ਇਸ ਤੋਂ ਬਾਅਦ ਉਹ ਸਤੰਬਰ 2016, ਸਤੰਬਰ 2017, ਅਪਰੈਲ 2018 ਅਤੇ ਜੂਨ 2018 ਵਿੱਚ ਚੀਨ ਗਏ ਸਨ। ਅਮਰੀਕਾ ਵੱਲੋਂ ਟੈਰਿਫ ਲਗਾਉਣ ਅਤੇ ਵਪਾਰ ਸਮਝੌਤੇ ਸਬੰਧੀ ਦਬਾਅ ਪਾਏ ਜਾਣ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦਾ ਇਹ ਦੌਰਾ ਅਹਿਮ ਹੋ ਸਕਦਾ ਹੈ। -ਪੀਟੀਆਈ