Modi Thanks Zelenskyy: ਮੋਦੀ ਨੇ ਯੂਕਰੇਨੀਆਂ ਲਈ ਸ਼ਾਂਤੀ ਤੇ ਤਰੱਕੀ ਦੀ ਕੀਤੀ ਕਾਮਨਾ; ਜ਼ੇਲੇਂਸਕੀ ਸੋਮਵਾਰ ਨੂੰ ਕਰਨਗੇ ਟਰੰਪ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਅਤੇ ਤਰੱਕੀ ਨਾਲ ਭਰੇ ਭਵਿੱਖ ਦੀ ਕਾਮਨਾ ਕੀਤੀ ਕਿਉਂਕਿ ਉਨ੍ਹਾਂ ਨੇ ਇਸ ਮੁਲਕ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਉਨ੍ਹਾਂ ਲਈ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਭੇਜੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਹੈ।
ਇਸ ਤੋਂ ਪਹਿਲਾਂ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਦਿੱਲੀ, ਰੂਸ ਨਾਲ ਜੰਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਕੀਤੇ ਗਏ ਯਤਨਾਂ ਵਿੱਚ ਯੋਗਦਾਨ ਪਾਵੇਗੀ।
ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਅੱਜ ਐਲਾਨ ਕੀਤਾ ਕਿ ਉਹ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਗੇ। ਉਨ੍ਹਾਂ ਇਹ ਫ਼ੈਸਲਾ ਸਾਢੇ ਤਿੰਨ ਸਾਲਾਂ ਤੋਂ ਜਾਰੀ ਯੂਕਰੇਨ-ਰੂਸ ਜੰਗ ਦੇ ਖ਼ਾਤਮੇ ਲਈ ਰੂਸੀ ਸਦਰ ਵਲਾਦੀਮੀਰ ਪੂਤਿਨ ਤੇ ਟਰੰਪ ਦਰਮਿਆਨ ਹੋਈ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਹੈ।
ਮੋਦੀ ਨੇ X 'ਤੇ ਕਿਹਾ, "ਰਾਸ਼ਟਰਪਤੀ ਜ਼ੇਲੇਂਸਕੀ ਦਾ ਧੰਨਵਾਦ। ਮੈਂ ਭਾਰਤ ਅਤੇ ਯੂਕਰੇਨ ਵਿਚਕਾਰ ਹੋਰ ਵੀ ਨਜ਼ਦੀਕੀ ਰਿਸ਼ਤਿਆਂ ਦੀ ਸਾਂਝੀ ਵਚਨਬੱਧਤਾ ਦੀ ਦਿਲੋਂ ਕਦਰ ਕਰਦਾ ਹਾਂ। ਅਸੀਂ ਯੂਕਰੇਨ ਵਿੱਚ ਆਪਣੇ ਦੋਸਤਾਂ ਨੂੰ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਨਾਲ ਭਰੇ ਭਵਿੱਖ ਦੀ ਦਿਲੋਂ ਕਾਮਨਾ ਕਰਦੇ ਹਾਂ।"
ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਨੇਤਨਯਾਹੂ ਦੇ ਆਜ਼ਾਦੀ ਦਿਵਸ ਦੇ ਸੰਦੇਸ਼ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ, "ਭਾਰਤ-ਇਜ਼ਰਾਈਲ ਦੋਸਤੀ ਵਧਦੀ ਰਹੇ... ਦੋਵੇਂ ਮੁਲਕ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਅਤੇ ਡੂੰਘਾ ਕਰਨ ਜੋ ਸਾਡੇ ਲੋਕਾਂ ਨੂੰ ਸ਼ਾਂਤੀ, ਵਿਕਾਸ ਅਤੇ ਸੁਰੱਖਿਆ ਪ੍ਰਦਾਨ ਕਰੇ।"
ਜ਼ੇਲੇਂਸਕੀ ਸੋਮਵਾਰ ਨੂੰ ਵਾਸ਼ਿੰਗਟਨ ’ਚ ਟਰੰਪ ਨਾਲ ਕਰਨਗੇ ਮੀਟਿੰਗ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਹ ਫ਼ੈਸਲਾ ਸਾਢੇ ਤਿੰਨ ਸਾਲਾਂ ਤੋਂ ਜਾਰੀ ਯੂਕਰੇਨ-ਰੂਸ ਜੰਗ ਦੇ ਖ਼ਾਤਮੇ ਲਈ ਰੂਸੀ ਸਦਰ ਵਲਾਦੀਮੀਰ ਪੂਤਿਨ ਤੇ ਟਰੰਪ ਦਰਮਿਆਨ ਹੋਈ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਹੈ।
ਗ਼ੌਰਤਲਬ ਹੈ ਕਿ ਬੀਤੇ ਦਿਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਅਲਾਸਕਾ ਵਿਚ ਹੋਈ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਟਰੰਪ ਨੇ ਕਿਹਾ ਕਿ ਜੰਗ ਖ਼ਤਮ ਕਰਨ ਦਾ ਬਿਹਤਰ ਤਰੀਕਾ ਜੰਗਬੰਦੀ ਨਹੀਂ, ਸਗੋਂ ਇੱਕ ਸਮੁੱਚਾ ਸ਼ਾਂਤੀ ਸਮਝੌਤਾ ਹੀ ਹੋ ਸਕਦਾ ਹੈ। ਇੰਝ ਉਨ੍ਹਾਂ ਇਕ ਤਰ੍ਹਾਂ ਪੂਤਿਨ ਦੇ ਹੀ ਇਸ ਵਿਚਾਰ ਦੀ ਤਾਇਦ ਕੀਤੀ ਕਿ ਰੂਸ ਆਰਜ਼ੀ ਜੰਗਬੰਦੀ ਵਿੱਚ ਦਿਲਚਸਪੀ ਨਹੀਂ ਰੱਖਦਾ ਹੈ ਅਤੇ ਇਸ ਦੀ ਬਜਾਏ ਇੱਕ ਲੰਬੇ ਸਮੇਂ ਦੇ ਸਮਝੌਤੇ ਦਾ ਚਾਹਵਾਨ ਹੈ, ਜਿਹੜਾ ਮਾਸਕੋ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਾ ਹੋਵੇ।
ਦੂਜੇ ਪਾਸੇ ਟਰੰਪ ਅਤੇ ਯੂਕਰੇਨ ਦੇ ਯੂਰਪੀ ਸਹਿਯੋਗੀ ਕਿਸੇ ਵੀ ਗੱਲਬਾਤ ਤੋਂ ਪਹਿਲਾਂ ਜੰਗਬੰਦੀ ਦੀ ਮੰਗ ਕਰ ਰਹੇ ਸਨ। ਜ਼ੇਲੇਂਸਕੀ, ਜਿਨ੍ਹਾਂ ਨੂੰ ਸਿਖਰ ਸੰਮੇਲਨ ਲਈ ਅਲਾਸਕਾ ਵਿੱਚ ਸੱਦਾ ਨਹੀਂ ਦਿੱਤਾ ਗਿਆ ਸੀ ਨੇ ਕਿਹਾ ਕਿ ਉਨ੍ਹਾਂ ਸ਼ਨਿੱਚਰਵਾਰ ਨੂੰ ਟਰੰਪ ਨਾਲ ਫੋਨ ਉਤੇ "ਲੰਬੀ ਅਤੇ ਠੋਸ" ਗੱਲਬਾਤ ਕੀਤੀ। ਉਨ੍ਹਾਂ ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਨਿੱਜੀ ਤੌਰ 'ਤੇ ਮਿਲਣ ਦੇ ਸੱਦਾ ਦੇਣ ਵਾਸਤੇ ਟਰੰਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ "ਕਤਲੇਆਮ ਅਤੇ ਜੰਗ ਨੂੰ ਖਤਮ ਕਰਨ ਸੰਬੰਧੀ ਸਾਰੇ ਵੇਰਵਿਆਂ 'ਤੇ ਚਰਚਾ ਕਰਨਗੇ।"
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਜ਼ੇਲੇਂਸਕੀ ਦੇ ਪਿਛਲੇ ਅਮਰੀਕੀ ਦੌਰੇ ਦੌਰਾਨ 28 ਫਰਵਰੀ ਨੂੰ ਓਵਲ ਆਫਿਸ ਵਿਚ ਇੱਕ ਅਸਾਧਾਰਨ ਮੀਟਿੰਗ ਟਰੰਪ ਨੇ ਜ਼ੇਲੇਂਸਕੀ ਦੀ ਸ਼ਰੇਆਮ "ਅਪਮਾਨਜਨਕ" ਹੋਣ ਲਈ ਝਾੜ-ਝੰਬ ਕਰ ਦਿੱਤੀ ਸੀ। ਉਸ ਤੋਂ ਬਾਅਦ ਜ਼ੇਲੇਂਸਕੀ ਦਾ ਇਹ ਪਹਿਲਾ ਅਮਰੀਕਾ ਦੌਰਾ ਹੋਵੇਗਾ। ਇਸ ਦੌਰਾਨ ਟਰੰਪ ਨੇ ਸ਼ਨੀਵਾਰ ਨੂੰ ਯੂਰਪੀਅਨ ਨੇਤਾਵਾਂ ਨਾਲ ਵੀ ਗੱਲਬਾਤ ਕੀਤੀ। -ਏਪੀ