ਮੋਦੀ ਹੁਣ ‘ਅਪਮਾਨ ਮੰਤਰਾਲਾ’ ਬਣਾ ਲੈਣ: ਪ੍ਰਿਯੰਕਾ
ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨੂੰ ਸਮਾਂ ਬਰਬਾਦ ਨਾ ਕਰਨ ਦੀ ਨਸੀਹਤ ਦਿੱਤੀ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਵੱਖਰਾ ‘ਅਪਮਾਨ ਮੰਤਰਾਲਾ’ ਬਣਾ ਲੈਣਾ ਚਾਹੀਦਾ ਹੈ ਤਾਂ ਜੋ ਵਿਰੋਧੀ ਧਿਰ ’ਤੇ ਅਪਮਾਨ ਕਰਨ ਦਾ ਜਿਹੜਾ ਉਹ ਵਾਰ-ਵਾਰ ਦੋਸ਼ ਲਗਾਉਣ ਵਿੱਚ ਸਮਾਂ ਬਰਬਾਦ ਕਰਦੇ ਹਨ, ਨਾ ਹੋਵੇ। ਬਿਹਾਰ ਦੇ ਸਹਿਰਸਾ ਅਤੇ ਲਖੀਸਰਾਏ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ ਕਿ ਸ਼ਾਸਨ ਬਾਰੇ ਬੋਲਣ ਦੀ ਥਾਂ ਵਿਰੋਧੀ ਧਿਰ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਉਹ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਗ਼ਰੀਬੀ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਉਨ੍ਹਾਂ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਸੂਬਾ ਸਰਕਾਰ ਤੋਂ 10,000 ਰੁਪਏ ਲੈਣ, ਪਰ ਵੋਟ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਨੂੰ ਬਿਲਕੁਲ ਨਾ ਦੇਣ ਕਿਉਂਕਿ ਇਸ ਸਰਕਾਰ ਦੇ ਇਰਾਦੇ ਸਾਫ਼ ਨਹੀਂ ਹਨ ਅਤੇ ਇਹ 10,000 ਰੁਪਏ ‘ਰਾਜਨੀਤਕ ਰਿਸ਼ਵਤ’ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਬਿਹਾਰ ਵਿੱਚ ਕੋਈ ‘ਡਬਲ ਇੰਜਣ ਸਰਕਾਰ’ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚਲਾਈ ਜਾ ਰਹੀ ‘ਸਿੰਗਲ ਇੰਜਣ ਸਰਕਾਰ’ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹਮੇਸ਼ਾ ਅਤੀਤ ਬਾਰੇ ਗੱਲ ਕਰਦੇ ਹਨ... ਇਹ ਹਮੇਸ਼ਾ ਕਿਤੇ ਨਾ ਕਿਤੇ ਕਿਸੇ ਦੇ ਅਪਮਾਨ ਦੀ ਗੱਲ ਕੱਢ ਲੈਂਦੇ ਹਨ।’’
ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਆਗੂ ਨੇ ਕਿਹਾ, ‘‘ਮੇਰਾ ਸੁਝਾਅ ਹੈ ਕਿ ਪ੍ਰਧਾਨ ਮੰਤਰੀ ਇੱਕ ਨਵਾਂ ਮੰਤਰਾਲਾ ਬਣਾ ਦੇਣ ਅਤੇ ਉਸ ਦਾ ਨਾਮ ‘ਅਪਮਾਨ ਮੰਤਰਾਲਾ’ ਰੱਖਣ ਦੇਣ ਤਾਂ ਜੋ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋਵੇ। ਉਹ ਲੰਮੀਆਂ ਲੰਮੀਆਂ ਸੂਚੀਆਂ ਬਣਾਉਂਦੇ ਹਨ... ਇਸ ਨੇ ਗਾਲ੍ਹ ਦਿੱਤੀ, ਉਸ ਨੇ ਗਾਲ੍ਹ ਦਿੱਤੀ, ਅਪਮਾਨ ਕੀਤਾ। ਉਹ ਖੁਦ ਸੂਚੀ ਕਿਉਂ ਬਣਾਉਣ? ਇਹ ‘ਅਪਮਾਨ ਮੰਤਰਾਲਾ’ ਬਣਾ ਦੇਵੇਗਾ।’’

