‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ’ਤੇ 75 ਫ਼ੀਸਦ ਟੈਰਿਫ਼ ਲਗਾਉਣ ਦੀ ਹਿੰਮਤ ਦਿਖਾਉਣ। ਉਨ੍ਹਾਂ ਕਿਹਾ ਕਿ ਪੂਰਾ ਮੁਲਕ ਪ੍ਰਧਾਨ ਮੰਤਰੀ ਦੇ ਨਾਲ ਹੈ ਅਤੇ ਜੇ ਅਮਰੀਕੀ ਵਸਤਾਂ ’ਤੇ ਵੱਧ ਟੈਰਿਫ਼ ਲਗਾਇਆ ਗਿਆ ਤਾਂ ਟਰੰਪ ਆਪਣੇ ਆਪ ਹੀ ਝੁਕ ਜਾਣਗੇ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੇਂਦਰ ਵੱਲੋਂ ਅਮਰੀਕਾ ਤੋਂ ਆਉਣ ਵਾਲੀ ਕਪਾਹ ’ਤੇ 31 ਦਸੰਬਰ ਤੱਕ 11 ਫ਼ੀਸਦ ਡਿਊਟੀ ਦੀ ਛੋਟ ਦਾ ਫ਼ੈਸਲਾ ਭਾਰਤੀ ਨਰਮਾ ਕਾਸ਼ਤਕਾਰਾਂ ਨੂੰ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕੀ ਕਿਸਾਨ ਅਮੀਰ ਅਤੇ ਗੁਜਰਾਤ ਦੇ ਕਾਸ਼ਤਕਾਰ ਗਰੀਬ ਹੋ ਜਾਣਗੇ। ਉਨ੍ਹਾਂ ਅਮਰੀਕਾ ਤੋਂ ਆਉਣ ਵਾਲੀ ਕਪਾਹ ’ਤੇ 11 ਫ਼ੀਸਦ ਡਿਊਟੀ ਲਗਾਉਣ, ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਅਤੇ 2100 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਪਾਹ ਖ਼ਰੀਦਣ ਦੇ ਨਾਲ ਨਾਲ ਭਾਰਤੀ ਕਿਸਾਨਾਂ ਦੀ ਸਹਾਇਤਾ ਲਈ ਖਾਦਾਂ ਤੇ ਬੀਜਾਂ ਉਪਰ ਸਬਸਿਡੀ ਦੇਣ ਦੀ ਵੀ ਮੰਗ ਕੀਤੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਰਤੀ ਵਸਤਾਂ ’ਤੇ ਅਮਰੀਕਾ ਵੱਲੋਂ 50 ਫ਼ੀਸਦ ਟੈਰਿਫ਼ ਨਾਲ ਹੀਰਾ ਵਰਕਰ ਵੀ ਪ੍ਰਭਾਵਿਤ ਹੋਏ ਹਨ ਕਿਉਂਕਿ ਮੋਦੀ ਸਰਕਾਰ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਗੋਡਿਆਂ ਭਾਰ ਡਿੱਗ ਗਈ ਹੈ।
+
Advertisement
Advertisement
Advertisement
Advertisement
×