ਨਵੀਂ ਦਿੱਲੀ/ਬ੍ਰਾਸੀਲੀਆ (ਬ੍ਰਾਜ਼ੀਲ), 8 ਜੁਲਾਈ
ਬ੍ਰਾਜ਼ੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਬਉੱਚ ਪੁਰਸਕਾਰ ‘ਗਰੈਂਡ ਕਾਲਰ ਆਫ ਦਿ ਨੈਸ਼ਨਲ ਆਰਡਰ ਆਫ ਦਿ ਸਦਰਨ ਕਰਾਸ’ ਨਾਲ ਸਨਮਾਨਿਤ ਕੀਤਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਆਲਮੀ ਪੁਰਸਕਾਰਾਂ ਦੀ ਗਿਣਤੀ 26 ਹੋ ਗਈ ਹੈ। ਯਾਤਰਾ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਸੀਲੀਆ ਵਿੱਚ 114 ਘੋੜ ਸਵਾਰਾਂ ਨੇ ਸਵਾਗਤ ਕੀਤਾ।
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਸ ਇਨਾਸੀਓ ਲੂਲਾ ਡਿ ਸਿਲਵਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਦਿੱਤਾ। ਇਸ ਦੌਰਾਨ ਭਾਰਤੀ ਅਤੇ ਬ੍ਰਾਜ਼ੀਲ ਦੇ ਕੌਮੀ ਤਰਾਨੇ ਵੀ ਵਜਾਏ ਗਏ। ਪ੍ਰਧਾਨ ਮੰਤਰੀ ਮੋਦੀ ਪੰਜ ਦੇਸ਼ਾਂ ਦੀ ਯਾਤਰਾ ਤਹਿਤ ਬ੍ਰਾਜ਼ੀਲ ਪੁੱਜੇ ਹਨ। ਰੀਓ ਡਿ ਜਨੇਰੀਓ ਵਿੱਚ ਬ੍ਰਿਕਸ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਮਗਰੋਂ ਉਹ ਇਸ ਦੇਸ਼ ਦੀ ਅਧਿਕਾਰਿਤ ਯਾਤਰਾ ’ਤੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਸੀਲੀਆ ਹਵਾਈ ਅੱਡੇ ’ਤੇ ਪਹੁੰਚਣ ’ਤੇ ਐਫਰੋ-ਬ੍ਰਾਜ਼ੀਲੀਅਨ ਸੰਗੀਤ ਦੀਆਂ ਧੁਨਾਂ ਵਜਾਈਆਂ ਗਈਆਂ। ਬ੍ਰਾਸੀਲੀਆ ਦੇ ਹੋਟਲ ਵਿੱਚ ਪਹੁੰਚਣ ਮੌਕੇ ਤਿਰੰਗਾ ਲਈ ਖੜ੍ਹੇ ਭਾਰਤੀ ਪਰਵਾਸੀਆਂ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਿਹਾ। ਇਸ ਦੌਰਾਨ ਉਨ੍ਹਾਂ ਭਾਰਤੀ ਭਾਈਚਾਰੇ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਸਭਿਆਚਾਰਕ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਵਪਾਰ, ਰੱਖਿਆ, ਊਰਜਾ, ਪੁਲਾੜ, ਤਕਨਾਲੋਜੀ, ਖੇਤੀਬਾੜੀ ਤੇ ਸਿਹਤ ਸਮੇਤ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਵਧਾਉਣ ਬਾਰੇ ਦੁਵੱਲੀ ਚਰਚਾ ਕਰਨਗੇ।-ਏਐੱਨਆਈ