ਜਪਾਨ ਤੇ ਚੀਨ ਦੀ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਇਹ ਯਾਤਰਾ ਕੌਮੀ ਹਿੱਤਾਂ ਤੇ ਤਰਜੀਹਾਂ ਨੂੰ ਅੱਗੇ ਵਧਾਏਗੀ ਅਤੇ ਖੇਤਰੀ ਤੇ ਆਲਮੀ ਸ਼ਾਂਤੀ ਨੂੰ ਅੱਗੇ ਵਧਾਉਣ ’ਚ ਸਾਰਥਕ ਸਹਿਯੋਗ ਦੇ ਨਿਰਮਾਣ ’ਚ ਯੋਗਦਾਨ ਪਾਵੇਗੀ। ਆਪਣੀ ਯਾਤਰਾ ਦੇ ਪਹਿਲੇ ਗੇੜ ਤਹਿਤ ਮੋਦੀ 29 ਤੇ 30 ਅਗਸਤ ਨੂੰ ਜਪਾਨ ਦੀ ਯਾਤਰਾ ਕਰਨਗੇ। ਜਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਸਾਲਾਨਾ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਦੋ ਰੋਜ਼ਾ ਯਾਤਰਾ ’ਤੇ ਚੀਨ ਜਾਣਗੇ।
ਇੱਥੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਤਿਆਨਜਿਨ ’ਚ ਸਿਖਰ ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੂੰ ਮਿਲਣ ਲਈ ਉਤਸ਼ਾਹਿਤ ਹਨ। ਜਪਾਨ ’ਚ ਮੋਦੀ ਆਪਣੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਨਾਲ ਸਿਖਰ ਵਾਰਤਾ ਕਰਨਗੇ। ਪ੍ਰਧਾਨ ਮੰਤਰੀ ਨੇ ਆਪਣੀ ਜਪਾਨ ਫੇਰੀ ਬਾਰੇ ਕਿਹਾ, ‘ਅਸੀਂ ਆਪਣੀ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਦੇ ਅਗਲੇ ਗੇੜ ਨੂੰ ਰੂਪ ਦੇਣ ’ਤੇ ਧਿਆਨ ਕੇਂਦਰਿਤ ਕਰਾਂਗੇ ਜਿਸ ’ਚ ਪਿਛਲੇ 11 ਸਾਲਾਂ ਦੌਰਾਨ ਸਥਿਰ ਤੇ ਮਹੱਤਵਪੂਰਨ ਪ੍ਰਗਤੀ ਹੋਈ ਹੈ।’ ਜਪਾਨ ਤੋਂ ਮੋਦੀ 31 ਅਗਸਤ ਤੇ 1 ਸਤੰਬਰ ਨੂੰ ਚੀਨ ਦੇ ਸ਼ਹਿਰ ਤਿਆਨਜਿਨ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਾਂਝੀਆਂ ਚੁਣੌਤੀਆਂ ਦੇ ਹੱਲ ਤੇ ਖੇਤਰੀ ਸਹਿਯੋਗ ਮਜ਼ਬੂਤ ਕਰਨ ਲਈ ਐੱਸਸੀਓ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, ‘ਜਪਾਨ ਤੋਂ ਮੈਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ’ਤੇ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਚੀਨ ਜਾਵਾਂਗਾ।’ ਉਨ੍ਹਾਂ ਕਿਹਾ, ‘ਮੈਂ ਸਿਖਰ ਸੰਮੇਲਨ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ, ਰਾਸ਼ਟਰਪਤੀ ਪੂਤਿਨ ਤੇ ਹੋਰ ਆਗੂਆਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਯਾਤਰਾ ਭਾਰਤ ਦੇ ਕੌਮੀ ਹਿੱਤਾਂ ਨੂੰ ਅੱਗੇ ਵਧਾਏਗੀ। -ਪੀ ਟੀ ਆਈ