ਮੋਦੀ ਵੱਲੋਂ ਮਾਰੀਸ਼ਸ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੰਸਦੀ ਹਲਕੇ ਵਾਰਾਣਸੀ ਵਿੱਚ ਆਪਣੇ ਮਾਰੀਸ਼ਸ ਦੇ ਹਮਰੁਤਬਾ ਨਵੀਨਚੰਦਰ ਰਾਮਗੁਲਾਮ ਨਾਲ ਮੁਲਾਕਾਤ ਕੀਤੀ, ਜਿੱਥੇ ਦੋਵੇਂ ਆਗੂਆਂ ਵਿਚਾਲੇ ਦੁਵੱਲੀ ਗੱਲਬਾਤ ਹੋਈ। ਦੋਹਾਂ ਆਗੂਆਂ ਨੇ ਇੱਕ-ਦੂਜੇ ਦਾ ਸਵਾਗਤ ਕੀਤਾ। ਇਸ ਦੌਰਾਨ ਮੋਦੀ ਨੇ ਮਾਰੀਸ਼ਸ ਲਈ 68 ਕਰੋੜ ਅਮਰੀਕੀ ਡਾਲਰ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਮੌਕੇ ਦੋਹਾਂ ਧਿਰਾਂ ਨੇ ਸੱਤ ਸਮਝੌਤਿਆਂ ਤੇ ਦਸਤਖ਼ਤ ਕੀਤੇ।
ਇਸ ਤੋਂ ਪਹਿਲਾਂ, ਢੋਲਾਂ ਅਤੇ ਸ਼ੰਖਨਾਦ ਦਰਮਿਆਨ ਮੋਦੀ ਦਾ ਕਾਫਲਾ ਸਵੇਰੇ 11.30 ਵਜੇ ਦੇ ਕਰੀਬ ਸ਼ਹਿਰ ਵਿੱਚ ਦਾਖ਼ਲ ਹੋਇਆ। ਰਸਤੇ ਵਿੱਚ ਕਈ ਥਾਵਾਂ ’ਤੇ ਭਾਜਪਾ ਆਗੂਆਂ, ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਨੇ ‘ਹਰ ਹਰ ਮਹਾਦੇਵ’ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਕੁਝ ਥਾਵਾਂ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ, ਜਦਕਿ ਕੁਝ ਲੋਕ ਮਾਰੀਸ਼ਸ ਦੇ ਝੰਡੇ ਵੀ ਲੈ ਕੇ ਨਜ਼ਰ ਆਏ। ਪ੍ਰਧਾਨ ਮੰਤਰੀ ਦਿੱਲੀ ਤੋਂ ਬਾਬਤਪੁਰ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉੱਥੋਂ, ਉਹ ਵਾਰਾਣਸੀ ਪੁਲੀਸ ਲਾਈਨਜ਼ ਵੱਲ ਗਏ ਅਤੇ ਫਿਰ ਕਾਰ ਰਾਹੀਂ ਹੋਟਲ ਤਾਜ ਪੁੱਜੇ ਜਿੱਥੇ ਉਨ੍ਹਾਂ ਦੀ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਬੈਠਕ ਤੈਅ ਸੀ। ਰਾਮਗੁਲਾਮ ਸ਼ੁੱਕਰਵਾਰ ਨੂੰ ਅਯੁੱਧਿਆ ਸਥਿਤ ਰਾਮ ਮੰਦਰ ਦੇ ਦਰਸ਼ਨਾਂ ਲਈ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਹਾਂ ਧਿਰਾਂ ਲਈ ਇੱਕ ਸੁਤੰਤਰ ਅਤੇ ਸੁਰੱਖਿਅਤ ਹਿੰਦ ਮਹਾਸਾਗਰ ਇੱਕ ਸਾਂਝੀ ਤਰਜੀਹ ਹੈ। ਦੋਹਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਵਰਗੇ ਕਈ ਮਹੱਤਵਪੂਰਨ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਲਈ ਸੱਤ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਆਪਣੇ ਮਾਰੀਸ਼ਸ ਦੇ ਹਮਰੁਤਬਾ ਨਵੀਨਚੰਦਰ ਰਾਮਗੁਲਾਮ ਦੀ ਮੇਜ਼ਬਾਨੀ ਕੀਤੀ, ਜੋ ਕਿ ਭਾਰਤ ਅਤੇ ਮਾਰੀਸ਼ਸ ਵਿਚਾਲੇ ਅਮੀਰ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਹਾਂ ਦੇਸ਼ਾਂ ਨੂੰ ਸਿਰਫ਼ ਸਹਿਭਾਗੀ ਹੀ ਨਹੀਂ ਬਲਕਿ ਇੱਕ ਪਰਿਵਾਰ ਦੱਸਿਆ।
ਮੋਦੀ ਨੇ ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 1,200 ਕਰੋੜ ਐਲਾਨੇ
ਦੇਹਰਾਦੂਨ, 11 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 1,200 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮੋਦੀ ਅੱਜ ਇਥੋਂ ਦੇ ਜੌਲੀ ਗ੍ਰਾਂਟ ਹਵਾਈ ਅੱਡੇ ’ਤੇ ਪੁੱਜੇ ਜਿਥੇ ਉਨ੍ਹਾਂ ਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਕੁਦਰਤੀ ਆਫ਼ਤਾਂ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ ਦੋ-ਦੋ ਲੱਖ ਅਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ। ਉਨ੍ਹਾਂ ਸੂਬੇ ’ਚ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਅਨਾਥ ਹੋਏ ਬੱਚਿਆਂ ਨੂੰ ਪੀ ਐੱਮ ਕੇਅਰਜ਼ ਫਾਰ ਚਿਲਡਰਨ ਯੋਜਨਾ ਤਹਿਤ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ। ਮੋਦੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਵੰਡਾਇਆ। ਉਨ੍ਹਾਂ ਐੱਨ ਡੀ ਆਰ ਐੱਫ, ਐੱਸ ਡੀ ਆਰ ਐੱਫ ਦੇ ਜਵਾਨਾਂ ਤੇ ਵਾਲੰਟੀਅਰਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਆਫ਼ਤ ਦੀ ਘੜੀ ’ਚ ਪੀੜਤ ਲੋਕਾਂ ਦੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਖ਼ਿੱਤਿਆਂ ’ਚ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ’ਚ ਪੂਰਾ ਸਹਿਯੋਗ ਦੇਵੇਗੀ। ਜ਼ਿਕਰਯੋਗ ਹੈ ਕਿ ਮੋਦੀ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਕ੍ਰਮਵਾਰ 1,600 ਅਤੇ 1,500 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। -ਪੀਟੀਆਈ