DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਨੇ ਅੰਬੇਡਕਰ ਦੇ ਨਿਰਾਦਰ ਲਈ ਲਾਲੂ ਨੂੰ ਘੇਰਿਆ

ਆਰਜੇਡੀ ਵੱਲੋਂ ਨਿਰਾਦਰ ਤੋਂ ਇਨਕਾਰ; ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਨੋਟਿਸ ਜਾਰੀ
  • fb
  • twitter
  • whatsapp
  • whatsapp
Advertisement

ਸਿਵਾਨ(ਬਿਹਾਰ), 20 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਜਨਮ ਦਿਨ ਮਨਾਉਂਦੇ ਸਮੇਂ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲੀ ਘਟਨਾ ’ਤੇ ਘੇਰਿਆ ਹੈ।

Advertisement

ਪ੍ਰਧਾਨ ਮੰਤਰੀ ਮੋਦੀ ਨੇ ਸਿੱਧੇ ਤੌਰ ’ਤੇ ਲਾਲੂ ਪ੍ਰਸਾਦ ਯਾਦਵ ਦਾ ਨਾਮ ਤਾਂ ਨਹੀਂ ਲਿਆ ਪਰ ਉਨ੍ਹਾਂ ਆਰਜੇਡੀ ਮੁਖੀ ਵੱਲੋਂ ਅੰਬੇਡਕਰ ਜੀ ਦੀ ਤਸਵੀਰ ਪੈਰਾਂ ਕੋਲ ਲਗਾਉਣ ਵਾਲੀ ਘਟਨਾ ਦਾ ਹਵਾਲਾ ਦਿੱਤਾ। ਇਸ ਘਟਨਾ ਕਰ ਕੇ ਭਾਜਪਾ ਨੇ ਲਾਲੂ ਦੀ ਜਮ ਕੇ ਨੁਕਤਾਚੀਨੀ ਕੀਤੀ।

ਬਿਹਾਰ ਦੇ ਸਿਵਾਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਅੰਬੇਡਕਰ ਜੀ ਪਰਿਵਾਰਵਾਦ ਦੇ ਖਿਲਾਫ਼ ਸਨ। ਉਨ੍ਹਾਂ (ਰਾਸ਼ਟਰੀ ਜਨਤਾ ਦਲ ਅਤੇ ਇਸ ਦੇ ਭਾਈਵਾਲਾਂ) ਨੂੰ ਇਹ ਪਸੰਦ ਨਹੀਂ ਹੈ। ਇਸ ਲਈ ਉਨ੍ਹਾਂ ਅੰਬੇਡਕਰ ਜੀ ਦੀ ਤਸਵੀਰ ਨੂੰ ਪੈਰਾਂ ਵਿੱਚ ਰੱਖਿਆ ਹੋਇਆ ਹੈ। ਜਦ ਮੈਂ ਆ ਰਿਹਾ ਸੀ ਤਾਂ ਰਸਤੇ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਿਰਾਦਰ ਲਈ ਮੁਆਫੀ ਮੰਗਣ ਵਾਲੇ ਪੋਸਟਰ ਦੇਖੇ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਪਰ ਅਜੇ ਤੱਕ ਨਿਰਾਦਰ ਕਰਨ ਵਾਲਿਆਂ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ ਕਿਉਂਕਿ ਉਹ ਦਲਿਤਾਂ ਨੂੰ ਬਰਾਬਰ ਨਹੀਂ ਮੰਨਦੇ। ਇਸ ਦੇ ਉਲਟ, ਬਾਬਾ ਸਾਹਿਬ, ਮੋਦੀ ਦੇ ਦਿਲ ਵਿੱਚ ਹਨ ਅਤੇ ਉਨ੍ਹਾਂ ਦੀ ਤਸਵੀਰ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਦੇ ਹਨ।’’

ਉਧਰ ਆਰਜੇਡੀ ਨੇ ਇਸ ਘਟਨਾ ’ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਲਾਲੂ ਦੇ ਘਰ ਉਨ੍ਹਾਂ ਦਾ 78ਵਾਂ ਜਨਮ ਦਿਨ ਮਨਾਉਂਦੇ ਸਮੇਂ ਕੈਮਰੇ ਰਾਹੀਂ ਤਸਵੀਰਾਂ ਇਸ ਢੰਗ ਨਾਲ ਖਿੱਚੀਆਂ ਗਈਆਂ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ। ਪਾਰਟੀ ਨੇ ਦਾਅਵਾ ਕੀਤਾ ਕਿ ਲਾਲੂ ਨੇ ਮੈਡੀਕਲ ਕਾਰਨਾਂ ਕਰ ਕੇ ਪੈਰ ਸੋਫੇ ’ਤੇ ਰੱਖੇ ਹੋਏ ਸਨ ਅਤੇ ਉਸ ਸਮੇਂ ਉਨ੍ਹਾਂ ਦਾ ਇੱਕ ਸਮਰਥਕ ਅੰਬੇਡਕਰ ਜੀ ਦੀ ਤਸਵੀਰ ਲੈ ਕੇ ਨੇੜੇ ਉਥੇ ਖੜ੍ਹਾ ਹੋ ਗਿਆ। ਲਾਲੂ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਕਿਹਾ ਕਿ ਸਮਾਗਮ ਦੌਰਾਨ ’ਬਾਬਾ ਸਾਹਿਬ ਅੰਬੇਡਕਰ ਜੀ ਦਾ ਕੋਈ ਨਿਰਾਦਰ ਨਹੀਂ ਕੀਤਾ ਗਿਆ।

ਇਸ ਦੌਰਾਨ ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਨੇ ਇਸ ਘਟਨਾ ਨੂੰ ਲੈ ਕੇ ਲਾਲੂ ਨੂੰ ਨੋਟਿਸ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਦਿੱਤੇ ਗਏ ਸਮੇਂ ਵਿੱਚ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ

Advertisement
×