ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੋਦੀ ਦਾ ਘਾਨਾ ਦੇ ਕੌਮੀ ਪੁਰਸਕਾਰ ਨਾਲ ਸਨਮਾਨ

ਪ੍ਰਧਾਨ ਮੰਤਰੀ ਨੇ ਸਨਮਾਨ 140 ਕਰੋੜ ਭਾਰਤੀਆਂ ਨੂੰ ਕੀਤਾ ਸਮਰਪਿਤ; ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਚਾਰ ਸਮਝੌਤੇ ਸਹੀਬੱਧ
Advertisement

ਅੱਕਰਾ (ਘਾਨਾ), 3 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ‘ਉੱਤਮ ਸ਼ਾਸਨ ਹੁੁਨਰ ਤੇ ਪ੍ਰਭਾਵਸ਼ਾਲੀ ਆਲਮੀ ਅਗਵਾਈ’ ਲਈ ਘਾਨਾ ਦੇ ਕੌਮੀ ਸਨਮਾਨ ‘ਆਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਸਟਾਰ ਆਫ ਘਾਨਾ’ ਨਾਲ ਨਿਵਾਜਿਆ ਗਿਆ ਹੈ। ਇਸ ਦੌਰਾਨ ਦੋਵੇਂ ਮੁਲਕਾਂ ਨੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਘਾਨਾ ਦੇ ਰਾਸ਼ਟਰਪਤੀ ਜੌਹਨ ਡਰਾਮਾਨੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ‘ਐਕਸ’ ਉੱਤੇ ਲਿਖਿਆ, ‘‘ਦਿ ਆਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਸਟਾਰ ਆਫ਼ ਘਾਨਾ’ ਨਾਲ ਸਨਮਾਨਿਤ ਹੋਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਸ੍ਰੀ ਮੋਦੀ ਨੇ ਸਨਮਾਨ ਸਵੀਕਾਰ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਬਹੁਤ ਮਾਣ ਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ, ‘‘ਮੈਂ 140 ਕਰੋੜ ਭਾਰਤੀਆਂ ਵੱਲੋਂ ਇਹ ਪੁਰਸਕਾਰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ।’’ ਉਨ੍ਹਾਂ ਇਸ ਸਨਮਾਨ ਨੂੰ ਦੋਵਾਂ ਮੁਲਕਾਂ ਦੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਸੁਨਹਿਰੇ ਭਵਿੱਖ, ਘਾਨਾ ਤੇ ਭਾਰਤ ਦਰਮਿਆਨ ਇਤਿਹਾਸਕ ਰਿਸ਼ਤਿਆਂ ਤੇ ਉਨ੍ਹਾਂ ਦੀਆਂ ਅਮੀਰ ਸਭਿਆਚਾਰਕ ਰਵਾਇਤਾਂ ਅਤੇ ਵੰਨ ਸੁਵੰਨਤਾ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ, ‘‘ਇਹ ਸਨਮਾਨ ਇਕ ਜ਼ਿੰਮੇਵਾਰੀ ਵੀ ਦਿੰਦਾ ਹੈ ਅਤੇ ਇਹ ਜ਼ਿੰਮੇਵਾਰੀ ਭਾਰਤ-ਘਾਨਾ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ। ਭਾਰਤ, ਘਾਨਾ ਦੇ ਲੋਕਾਂ ਨਾਲ ਹਮੇਸ਼ਾ ਖੜ੍ਹਾ ਹੈ ਤੇ ਇਕ ਭਰੋਸੇਮੰਦ ਦੋਸਤ ਤੇ ਤਰੱਕੀ ਵਿਚ ਭਾਈਵਾਲ ਵਜੋਂ ਯੋਗਦਾਨ ਪਾਉਣਾ ਜਾਰੀ ਰੱਖੇਗਾ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ‘ਐਕਸ’ ’ਤੇ ਕਿਹਾ ਕਿ ਮੋਦੀ ਦੇ ਘਾਨਾ ਦੇ ਇਤਿਹਾਸਕ ਦੌਰੇ ਨਾਲ ਭਾਰਤ-ਘਾਨਾ ਰਿਸ਼ਤਿਆਂ ’ਚ ਹੋਰ ਨਿੱਘ ਆਵੇਗਾ। ਇਸ ਤੋਂ ਪਹਿਲਾਂ ਮੋਦੀ ਨੇ ਮਹਾਮਾ ਨਾਲ ਕਈ ਮੁੱਦਿਆਂ ਨੂੰ ਲੈ ਕੇ ਵਾਰਤਾ ਕੀਤੀ। -ਪੀਟੀਆਈ

Advertisement

 

ਮਜ਼ਬੂਤ ਭਾਰਤ ਵਧੇਰੇ ਸਥਿਰ ਤੇ ਖ਼ੁਸ਼ਹਾਲ ਵਿਸ਼ਵ ਬਣਾਉਣ ’ਚ ਯੋਗਦਾਨ ਪਾਵੇਗਾ: ਮੋਦੀ

ਅੱਕਰਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਦਲਦੇ ਹਾਲਾਤ ਦਰਮਿਆਨ ਆਲਮੀ ਪ੍ਰਬੰਧਾਂ ’ਚ ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਸੁਧਾਰਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਜ਼ਬੂਤ ​​ਭਾਰਤ ਵਧੇਰੇ ਸਥਿਰ ਅਤੇ ਖੁਸ਼ਹਾਲ ਵਿਸ਼ਵ ਬਣਾਉਣ ਵਿੱਚ ਯੋਗਦਾਨ ਪਾਵੇਗਾ। ਘਾਨਾ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਗਲੋਬਲ ਸਾਊਥ’ ਦੀ ਗੱਲ ਸੁਣੇ ਬਿਨਾਂ ਤਰੱਕੀ ਸੰਭਵ ਨਹੀਂ ਹੋ ਸਕਦੀ ਹੈ। ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਰਥਚਾਰੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਸਥਿਰ ਰਾਜਨੀਤੀ ਅਤੇ ਸ਼ਾਸਨ ਦੀ ਨੀਂਹ ’ਤੇ ਭਾਰਤ ਛੇਤੀ ਹੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੀ ਵਿਸ਼ਵ ਸ਼ਾਸਨ ਪ੍ਰਣਾਲੀ ਤੇਜ਼ੀ ਨਾਲ ਬਦਲ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਵਾਮੇ ਨਕਰੂਮਾਹ ਯਾਦਗਾਰੀ ਪਾਰਕ ਦਾ ਦੌਰਾ ਕਰਕੇ ਮੁਲਕ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਕਵਾਮੇ ਨਕਰੂਮਾਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਮੋਦੀ ਆਪਣੇ ਵਿਦੇਸ਼ ਦੌਰੇ ਦੇ ਦੂਜੇ ਪੜਾਅ ਤਹਿਤ ਤ੍ਰਿਨੀਦਾਦ ਅਤੇ ਟੋਬੈਗੋ ਲਈ ਰਵਾਨਾ ਹੋ ਗਏ। -ਪੀਟੀਆਈ

Advertisement