ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭੂਟਾਨ ਦੇ ਸਾਬਕਾ ਨਰੇਸ਼ ਜਿਗਮੇ ਸਿੰਗਯੇ ਵਾਂਗਚੁਕ ਨੂੰ ਮਿਲੇ ਅਤੇ ਉਨ੍ਹਾਂ ਵੱਲੋਂ ਦੋਵਾਂ ਦੱਖਣੀ ਏਸ਼ਿਆਈ ਗੁਆਂਢੀ ਮੁਲਕਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਕਰਨ ਲਈ ਕਈ ਵਰ੍ਹਿਆਂ ਤੋਂ ਕੀਤੇ ਵਿਆਪਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ ਵੱਲੋਂ ਭੂਟਾਨ ਦੀ 13ਵੀਂ ਪੰਜ ਸਾਲਾ ਯੋਜਨਾ ਲਈ ਸਮਰਥਨ ਦੇਣ ਦੀ ਵਚਨਬੱਧਤਾ ਦੁਹਰਾਈ। ਇਸ ਦੌਰਾਨ ਸ੍ਰੀ ਮੋਦੀ, ਭੂਟਾਨੀ ਲੀਡਰਸ਼ਿਪ ਨਾਲ ਆਲਮੀ ਸ਼ਾਂਤੀ ਪ੍ਰਾਰਥਨਾ ਸਮਾਗਮ ਦੇ ਹਿੱਸੇ ਵਜੋਂ ‘ਕਾਲਚੱਕਰ ਸਸ਼ਕਤੀਕਰਨ’ ਵਿੱਚ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਪੋਸਟ ’ਚ ਕਿਹਾ, ‘‘ਨਰੇਸ਼ ਚੌਥੇ ਡਰੁੱਕ ਗਿਆਲਪੋ ਨਾਲ ਸ਼ਾਨਦਾਰ ਮੀਟਿੰਗ ਹੋਈ। ਭਾਰਤ-ਭੂਟਾਨ ਸਬੰਧਾਂ ਦੀ ਮਜ਼ਬੁੂਤੀ ਲਈ ਉਨ੍ਹਾਂ ਵੱਲੋਂ ਕੀਤੇ ਗਏ ਵਿਆਪਕ ਯਤਨਾਂ ਨੂੰ ਸਲਾਹਿਆ।’’ ਮੀਟਿੰਗ ਦੌਰਾਨ ਉਨ੍ਹਾਂ ਨੇ ਊਰਜਾ, ਵਪਾਰ, ਤਕਨਾਲੋਜੀ ਅਤੇ ਸੰਪਰਕ ਵਿੱਚ ਸਹਿਯੋਗ ’ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇੇਰੇ ਭੂਟਾਨ ਵਿੱਚ ਆਲਮੀ ਸ਼ਾਂਤੀ ਪ੍ਰਾਰਥਨਾ ਉਤਸਵ ਦੌਰਾਨ ‘ਕਾਲਚੱਕਰ ਸ਼ਕਤੀਕਰਨ’ ਸਮਾਗਮ ਦਾ ਉਦਘਾਟਨ ਕੀਤਾ। ਮੋਦੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਮੈਨੂੰ ਭੂਟਾਨ ਨਰੇਸ਼ ਜਿਗਮੇ ਖੇਸਾਰ ਨਾਮਗਿਆਲ ਵਾਂਗਚੁਕ ਅਤੇ ਚੌਥੇ ਨਰੇਸ਼ ਡਰੁਕ ਗਿਆਲਪੋ ਨਾਲ ‘ਕਾਲਚੱਕਰ ‘ਵ੍ਹੀਲ ਆਫ ਟਾਈ ਐਂਪਾਵਰਮੈਂਟ’ ਦੇ ਉਦਘਾਟਨ ਦਾ ਮੌਕਾ ਮਿਲਿਆ। ਇਸ ਦੀ ਅਗਵਾਈ ਅਧਿਆਤਮਕ ਆਗੂ ਜੇ ਖੇਨਪੋ ਨੇ ਕੀਤੀ ਜਿਸ ਨੇ ਇਸ ਨੂੰ ਹੋਰ ਖਾਸ ਬਣਾ ਦਿੱਤਾ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਅਹਿਮ ਰਸਮ ਹੈ ਜਿਸ ਦਾ ਬੋਧੀ ਭਾਈਚਾਰੇ ਲਈ ਪੂਰੀ ਦੁਨੀਆ ’ਚ ਬਹੁਤ ਜ਼ਿਆਦਾ ਸੱਭਿਆਚਾਰਕ ਮਹੱਤਵ ਹੈ। ‘ਕਾਲਚੱਕਰ ਸ਼ਕਤੀਕਰਨ’ ਆਲਮੀ ਸ਼ਾਂਤੀ ਪ੍ਰਾਰਥਨਾ ਉਤਸਵ ਦਾ ਹਿੱਸਾ ਹੈ ਜੋ ਭੂਟਾਨ ਵਿੱਚ ਬੋਧੀ ਸ਼ਰਧਾਲੂਆਂ ਤੇ ਵਿਦਵਾਨਾਂ ਨੂੰ ਇਕੱਠਿਆਂ ਕਰਦਾ ਹੈ।’’
ਮੋਦੀ ਨੇ ਪੋਸਟ ’ਚ ਕਿਹਾ, ‘‘ਗੇਲੇਫੂ ਮਾਈਂਡਫੁੱਲਨੈੱਸ ਸਿਟੀ ਪ੍ਰਾਜੈਕਟ ਵਿੱਚ ਪ੍ਰਗਤੀ ਦੀ ਸ਼ਲਾਘਾ ਕੀਤੀ ਜੋ ਸਾਡੀ ‘ਐਕਟ ਈਸਟ ਪਾਲਿਸੀ’ ਦੇ ਅਨੁਸਾਰ ਹੈ।’’
ਭੂਟਾਨ ਤੋਂ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਊਰਜਾ, ਸਿਹਤ ਸੇਵਾਵਾਂ, ਸੰਪਰਕ ਵਰਗੇ ਖੇਤਰਾਂ ਵਿੱਚ ਸਾਡੀ ਦੁਵੱਲੀ ਭਾਈਵਾਲੀ ਨੂੰ ਰਫ਼ਤਾਰ ਦੇਵੇਗਾ।

