ਮੋਦੀ ਵੱਲੋਂ ਮੇਲੋਨੀ ਨਾਲ ਈਯੂ-ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਟਲੀ ਦੀ ਆਪਣੀ ਹਮਰੁਤਬਾ ਜੌਰਜੀਆ ਮੇਲੋਨੀ ਨਾਲ ਭਾਰਤ ਅਤੇ ਯੂਰਪੀਅਨ ਯੂਨੀਅਨ (ਈ ਯੂ) ਦਰਮਿਆਨ ਤਜਵੀਜ਼ਤ ਮੁਕਤ ਵਪਾਰ ਸਮਝੌਤੇ ’ਤੇ ਚਰਚਾ ਕੀਤੀ ਅਤੇ ਇਸ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਮੋਦੀ ਨੇ ਮੇਲੋਨੀ ਨਾਲ ਫੋਨ ’ਤੇ ਗੱਲਬਾਤ ਵਿੱਚ ਯੂਕਰੇਨ ਵਿੱਚ ਜੰਗ ਨੂੰ ਖਤਮ ਕਰਨ ਦੇ ਢੰਗ-ਤਰੀਕਿਆਂ ਦੇ ਨਾਲ-ਨਾਲ ‘ਇੰਡੀਆ-ਮਿਡਲ ਈਸਟ-ਯੂਰਪ ਇਕਨਾਮਿਕ ਕੌਰੀਡੋਰ (ਆਈਐੱਮਈਈਈਸੀ) ਨੂੰ ਲਾਗੂ ਕਰਨ ਬਾਰੇ ਵੀ ਚਰਚਾ ਕੀਤੀ। ਮੋਦੀ ਨੇ ‘ਐਕਸ’ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਚੰਗੀ ਗੱਲਬਾਤ ਹੋਈ।
ਅਸੀਂ ਭਾਰਤ-ਇਟਲੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ ਅਤੇ ਯੂਕਰੇਨ ਵਿੱਚ ਟਕਰਾਅ ਜਲਦੀ ਖ਼ਤਮ ਕਰਨ ਵਿੱਚ ਰੁਚੀ ਦਿਖਾਈ।’’
ਭਾਰਤ ਅਤੇ ਯੂਰਪੀਅਨ ਯੂਨੀਅਨ ਇਸ ਸਾਲ ਅਖ਼ੀਰ ਤੱਕ ਤਜਵੀਜ਼ਤ ਮੁਕਤ ਵਪਾਰ ਸਮਝੌਤੇ (ਐਫਟੀਏ) ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਦੋਵੇਂ ਧਿਰਾਂ ਇਸ ਹਫ਼ਤੇ ਨਵੀਂ ਦਿੱਲੀ ਵਿੱਚ 13ਵੇਂ ਦੌਰ ਦੀ ਗੱਲਬਾਤ ਕਰ ਰਹੀਆਂ ਹਨ।