ਮੌਨਸੂਨ ਇਜਲਾਸ ਦੌਰਾਨ ਕਾਰਵਾਈ ਆਮ ਵਾਂਗ ਨਾ ਚੱਲਣ ਤੋਂ ਮੋਦੀ ਨਿਰਾਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਕਾਰਵਾਈ ਆਮ ਵਾਂਗ ਨਾ ਚਲਣ ’ਤੇ ਅੱਜ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕਈ ਬਿੱਲ ਬਿਨਾ ਕਿਸੇ ਚਰਚਾ ਤੋਂ ਪਾਸ ਹੋ ਗਏ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਲੀਡਰਸ਼ਿਪ ਦੀ ‘ਅਸੁਰੱਖਿਆ’ ਕਾਰਨ ਉਸ ਦੇ ਹੁਸ਼ਿਆਰ ਅਤੇ ਨੌਜਵਾਨ ਸੰਸਦ ਮੈਂਬਰਾਂ ਨੂੰ ਚਰਚਾ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਦਾ। ਸੂਤਰਾਂ ਅਨੁਸਾਰ, ਮੋਦੀ ਨੇ ਇਹ ਟਿੱਪਣੀਆਂ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਰਸਮੀ ਮੀਟਿੰਗ ਵਿੱਚ ਕੀਤੀਆਂ, ਜਦੋਂ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰ ਦੇ ਆਗੂਆਂ ਨੇ ਇਸ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ, ਜੋ ਕਿ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਬਿਹਾਰ ਵਿੱਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਕੀਤੇ ਜਾਣ ਵਿਰੁੱਧ ਆਪਣੀ ਪਾਰਟੀ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਦਾ ਨਾਮ ਤਾਂ ਨਹੀਂ ਲਿਆ ਪਰ ਉਨ੍ਹਾਂ ਦੀਆਂ ਟਿੱਪਣੀਆਂ ਦਾ ਨਿਸ਼ਾਨਾ ਗਾਂਧੀ ਹੀ ਸਨ। ਮੋਦੀ ਨੇ ਖਾਸ ਤੌਰ ’ਤੇ ‘ਪ੍ਰਮੋਸ਼ਨ ਐਂਡ ਰੈਗੂਲੇਸ਼ਨ ਆਫ ਆਨਲਾਈਨ ਗੇਮਿੰਗ ਬਿੱਲ’ ਦੀ ਤਾਰੀਫ਼ ਕੀਤੀ, ਜਿਸ ਵਿੱਚ ਸਾਰੀਆਂ ਰੀਅਲ-ਮਨੀ ਖੇਡਾਂ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ’ਤੇ ਆਨਲਾਈਨ ਗੇਮ ਦੇ ਮਾੜੇ ਪ੍ਰਭਾਵ ਦੇ ਮੱਦੇਨਜ਼ਰ ਇਹ ਬਿੱਲ ਬਹੁਤ ਸਕਾਰਾਤਮਕ ਨਤੀਜੇ ਦੇਵੇਗਾ। ਇਹ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿਨਾ ਕਿਸੇ ਚਰਚਾ ਤੋਂ ਰੌਲੇ-ਰੱਪੇ ਵਿੱਚ ਪਾਸ ਹੋ ਗਿਆ ਸੀ। ਸੂਤਰਾਂ ਮੁਤਾਬਕ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੌਨਸੂਨ ਇਜਲਾਸ ਵਿੱਚ ਕਈ ਮਹੱਤਵਪੂਰਨ ਬਿੱਲ ਕਵਰ ਕੀਤੇ ਗਏ, ਪਰ ਉਨ੍ਹਾਂ ਨੂੰ ਸੰਸਦ ਵਿੱਚ ਵਿਚਾਰਿਆ ਨਹੀਂ ਜਾ ਸਕਿਆ ਜਿਸ ਦਾ ਉਨ੍ਹਾਂ ਨੂੰ ਅਫ਼ਸੋਸ ਹੈ। ਵਿਰੋਧੀ ਧਿਰ ਦੇ ਆਗੂਆਂ ਦੇ ਮੀਟਿੰਗ ’ਚੋਂ ਗੈਰਹਾਜ਼ਰ ਰਹਿਣ ਬਾਰੇ ਕਿਸੇ ਨੇ ਟਿੱਪਣੀ ਕੀਤੀ ਕਿ ਕਾਂਗਰਸ ਨੂੰ ਮਨਾਉਣਾ ਦਿਨੋਂ-ਦਿਨ ਔਖਾ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਬਹੁਤ ਘੱਟ ਆਗੂ ਸਰਕਾਰ ਨਾਲ ਗੱਲਬਾਤ ਕਰਦੇ ਹਨ ਅਤੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕੁਝ ਬਹੁਤ ਹੀ ਹੁਸ਼ਿਆਰ ਨੌਜਵਾਨ ਸੰਸਦ ਮੈਂਬਰ ਹਨ।
ਆਪਣੇ ਵਿਵਹਾਰ ’ਤੇ ਸ਼ਰਮਿੰਦਾ ਹੋਣ ਕਾਰਨ ਵਿਰੋਧੀ ਧਿਰ ਦੇ ਆਗੂ ਚਾਹ ਪਾਰਟੀ ’ਚੋਂ ਰਹੇ ਗੈਰਹਾਜ਼ਰ: ਰਿਜਿਜੂ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਮੀਟਿੰਗ ’ਚ ਵਿਰੋਧੀ ਧਿਰ ਦੇ ਹਾਜ਼ਰ ਨਾ ਰਹਿਣ ਬਾਰੇ ਪੁੱਛਣ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਦੇ ਨੇਤਾ ਸ਼ਾਇਦ ਇਜਲਾਸ ਦੌਰਾਨ ਆਪਣੇ ਵਿਵਹਾਰ ਕਾਰਨ ਬਹੁਤ ‘ਸ਼ਰਮਿੰਦਾ’ ਸਨ, ਇਸ ਲਈ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਰਿਜਿਜੂ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਉਹ ਆਗੂ ਜੋ ਸੰਸਦ ਦੇ ਕੰਮਕਾਜ ਨੂੰ ਲੈ ਕੇ ਸਰਕਾਰ ਨਾਲ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਹਨ, ਅਕਸਰ ਕੁਝ ਸਮਝੌਤਾ ਕਰ ਲੈਂਦੇ ਹਨ ਪਰ ਉਸ ਨੂੰ ਲਾਗੂ ਨਹੀਂ ਕਰ ਪਾਉਂਦੇ। ਉਨ੍ਹਾਂ ਰਾਹੁਲ ਗਾਂਧੀ ’ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਉਨ੍ਹਾਂ ’ਤੇ ਦਬਾਅ ਹੋ ਸਕਦਾ ਹੈ। ਮੰਤਰੀ ਨੇ ਕਿਹਾ ਕਿ ਇਹ ਕਾਫੀ ਘੱਟ ਹੁੰਦਾ ਹੈ ਕਿ ਇਜਲਾਸ ਖ਼ਤਮ ਹੋਣ ਮਗਰੋਂ ਸਪੀਕਰ ਵੱਲੋਂ ਦਿੱਤੀ ਗਈ ਚਾਹ ਮੀਟਿੰਗ ਦਾ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਬਾਈਕਾਟ ਕੀਤਾ ਜਾਵੇ।