ਮੋਦੀ ਨੇ ਮਾੜੇ ਸਾਸ਼ਨ ਲਈ ਕਾਂਗਰਸ ਤੇ ਆਰਜੇਡੀ ਦੀ ਕੀਤੀ ਆਲੋਚਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ’ਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਕਾਂਗਰਸ ਤੇ ਮਾੜੇ ਸਾਸ਼ਨ ਦੇ ਦੋਸ਼ ਲਾਉਂਦਿਆ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਮਾਵਾਂ ਅਤੇ ਭੈਣਾਂ’ ਉਨ੍ਹਾਂ ਨੂੰ ਢੁਕਵਾਂ ਜਵਾਬ ਦੇਣਗੀਆਂ।
ਪੂਰਨੀਆ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵਿਰੋਧੀ ਧਿਰ ’ਤੇ ਸੂਬੇ ਵਿੱਚ ਘੁਸਪੈਠੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਸਰਕਾਰ ਉਨ੍ਹਾਂ ਨੂੰ ਬਾਹਰ ਕੱਢ ਦੇਵੇਗੀ।
ਉਨ੍ਹਾਂ ਕਿਹਾ, “ਆਰਜੇਡੀ ਅਤੇ ਕਾਂਗਰਸ ਦੇ ਮਾੜੇ ਸਾਸ਼ਨ ਕਾਰਨ ਬਿਹਾਰ ਨੂੰ ਬਹੁਤ ਨੁਕਸਾਨ ਹੋਇਆ ਹੈ। ਇਹ ਸੂਬੇ ਦੇ ਵਿਕਾਸ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਮਾਵਾਂ ਅਤੇ ਭੈਣਾਂ ਚੋਣਾਂ ਵਿੱਚ ਵਿਰੋਧੀ ਧਿਰ ਨੂੰ ਢੁਕਵਾਂ ਜਵਾਬ ਦੇਣਗੀਆਂ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਨੇ ਹਮੇਸ਼ਾ ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਵਿੱਚ ਅਹਿਮ ਯੋਗਦਾਨ ਪਾਇਆ ਹੈ। ਕਾਂਗਰਸ ਅਤੇ ਆਰਜੇਡੀ ਨੇ ਸਿਰਫ਼ ਆਪਣੇ ਪਰਿਵਾਰਾਂ ਦੀ ਚਿੰਤਾ ਕੀਤੀ ਹੈ।
ਮੋਦੀ ਨੇ ਕਿਹਾ ਕਿ ਉਹ ‘ਸਭ ਦਾ ਸਾਥ, ਸਭ ਦਾ ਵਿਕਾਸ’ ਵਿੱਚ ਭਰੋਸਾ ਕਰਦੇ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਗਰੀਬਾ ਦਾ ਸਾਥ ਦੇਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ,“ਕਿਸਾਨਾਂ ਦੇ ਹਿੱਤ ਵਿੱਚ ਕੇਂਦਰ ਨੇ ‘ਕੌਮੀ ਮਖਾਨਾ ਬੋਰਡ’ ਦੇ ਗਠਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਹੁਣ ਤੱਕ ਗਰੀਬਾਂ ਨੂੰ ਚਾਰ ਕਰੋੜ ਘਰ ਦਿੱਤੇ ਜਾ ਚੁੱਕੇ ਹਨ ਅਤੇ ਤਿੰਨ ਕਰੋੜ ਹੋਰ ਬਣਾਏ ਜਾ ਰਹੇ ਹਨ।”