ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਵੋਟਾਂ ਲਈ ਕੁਝ ਵੀ ਕਰ ਸਕਦੇ ਹਨ ਅਤੇ ‘ਨੱਚ ਕੇ ਵੀ ਦਿਖਾ ਸਕਦੇ’ ਹਨ। ਉਨ੍ਹਾਂ ਭਾਜਪਾ ’ਤੇ ਬਿਹਾਰ ਦੀ ਨਿਤੀਸ਼ ਸਰਕਾਰ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਣ ਦਾ ਦੋਸ਼ ਲਾਇਆ। ਮੁਜ਼ੱਫਰਪੁਰ ਅਤੇ ਦਰਭੰਗਾ ’ਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਤੇਜਸਵੀ ਯਾਦਵ ਨਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਤੁਸੀਂ ਟੀਵੀ ’ਤੇ ਨਾਟਕ ਦੇਖਿਆ ਹੋਵੇਗਾ ਕਿ ਮੋਦੀ ਛੱਠ ਪੂਜਾ ’ਤੇ ਯਮਨਾ ’ਚ ਡੁਬਕੀ ਲਗਾਉਣਗੇ ਪਰ ਉਨ੍ਹਾਂ ਇਹ ਪ੍ਰੋਗਰਾਮ ਉਸ ਸਮੇਂ ਰੱਦ ਕਰ ਦਿੱਤਾ, ਜਦੋਂ ਇਸ ਗੱਲ ਦਾ ਪਰਦਾਫਾਸ਼ ਹੋ ਗਿਆ ਕਿ ਦਰਿਆ ਗੰਦਾ ਹੋਣ ਕਰ ਕੇ ਉਨ੍ਹਾਂ ਵਾਸਤੇ ਸਾਫ਼ ਅਤੇ ਪਾਈਪ ਵਾਲੇ ਪਾਣੀ ਰਾਹੀਂ ਵਿਸ਼ੇਸ਼ ਛੱਪੜ ਬਣਾਇਆ ਗਿਆ ਹੈ। ਨਰਿੰਦਰ ਮੋਦੀ ਹਰ ਤਰ੍ਹਾਂ ਦਾ ਨਾਟਕ ਕਰਨ ਲਈ ਤਿਆਰ ਹਨ। ਤੁਸੀਂ ਚੋਣ ਰੈਲੀ ’ਚ ਉਨ੍ਹਾਂ ਨੂੰ ਆਖੋ ਕਿ ਪ੍ਰਧਾਨ ਮੰਤਰੀ ਜੀ ਜੇ ਤੁਸੀਂ ਨੱਚੋਗੇ ਤਾਂ ਅਸੀਂ ਤੁਹਾਨੂੰ ਵੋਟ ਪਾਵਾਂਗੇ। ਉਹ ਭਰਤ ਨਾਟਿਯਮ ਕਰਨ ਲਈ ਤਿਆਰ ਹੋ ਜਾਣਗੇ।’’ ਇਸ ਟਿੱਪਣੀ ਦਾ ਵਿਰੋਧ ਕਰਦਿਆਂ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਪਮਾਨ ਕੀਤਾ ਹੈ। ਰਾਹੁਲ ਨੇ ਕਿਹਾ ਕਿ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਦੀ ਅਗਵਾਈ ਹੇਠ ਬਿਹਾਰ ’ਚ ਨਵੀਂ ਸਰਕਾਰ ਬਣੇਗੀ ਜੋ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦਾ ਧਿਆਨ ਰਖੇਗੀ।
ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ’ਚ ਫੈਕਟਰੀਆਂ ਖੋਲ੍ਹਣ ’ਚ ਦਿਲਚਸਪੀ ਹੈ ਪਰ ਉਹ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਚਾਹੁੰਦੇ ਹਨ। ਉਨ੍ਹਾਂ ਜਨਤਾ ਦਲ (ਯੂ) ਪ੍ਰਧਾਨ ਨਿਤੀਸ਼ ਕੁਮਾਰ ’ਤੇ ਵਰ੍ਹਦਿਆਂ ਕਿਹਾ ਕਿ ‘ਬਾਹਰਲਿਆਂ’ ਵੱਲੋਂ ਰਿਮੋਟ ਕੰਟਰੋਲ ਰਾਹੀਂ ਸਰਕਾਰ ਚਲਾਈ ਜਾ ਰਹੀ ਹੈ ਅਤੇ ਲੋਕ ਹੁਣ ਚੋਣਾਂ ’ਚ ਉਨ੍ਹਾਂ ਸਾਰਿਆਂ ਨੂੰ ਬਾਹਰ ਦਾ ਰਾਹ ਦਿਖਾ ਦੇਣਗੇ। ਉਨ੍ਹਾਂ ਚੋਣ ਮਨੋਰਥ ਪੱਤਰ ’ਚ ਕੀਤੇ ਗਏ ਵਾਅਦੇ ਦੁਹਰਾਏ ਅਤੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

