ਅਡਾਨੀ ਅਤੇ ਚੀਨ ਅੱਗੇ ਝੁਕੇ ਮੋਦੀ: ਕਾਂਗਰਸ
ਨਵੀਂ ਦਿੱਲੀ, 5 ਜੂਨ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮੁੜ ‘ਨਰਿੰਦਰ-ਸਰੰਡਰ’ ਵਿਅੰਗ ਕਰਦਿਆਂ ਦੋਸ਼ ਲਾਇਆ ਕਿ ਉਹ ਅਰਬਪਤੀ ਗੌਤਮ ਅਡਾਨੀ ਅਤੇ ਚੀਨ ਅੱਗੇ ਝੁਕ ਗਏ ਹਨ। ਕਾਂਗਰਸ ਆਗੂ ਅਜੋਇ ਕੁਮਾਰ ਨੇ ਕਿਹਾ ਕਿ ਅਡਾਨੀ ਅਤੇ ਮੋਦੀ ਨੇ ਫਿਲਮ ‘ਸ਼ੋਲੇ’ ਦੀ ਜੈ-ਵੀਰੂ ਜੋੜੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਥੇ ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਜੋਇ ਕੁਮਾਰ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਨਰਿੰਦਰ ਮੋਦੀ ਨੇ ਕਈ ਸਾਲਾਂ ਦੇ ਅਭਿਆਸ ਮਗਰੋਂ ਆਤਮ-ਸਮਰਪਣ ਕੀਤਾ ਹੈ। ਮੋਦੀ ਜਿਥੇ ਵੀ ਜਾਂਦੇ ਹਨ ਜਾਂ ਜੋ ਅਡਾਨੀ ਚਾਹੁੰਦੇ ਹਨ, ਉਸ ਨੂੰ ਉਹ ਠੇਕਾ ਮਿਲ ਜਾਂਦਾ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਸ੍ਰੀਮਾਨ ਏ (ਅਡਾਨੀ) ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਮੋਦੀ ਨੇ ਆਪਣੇ ਗੁਆਂਢੀ ਮੁਲਕਾਂ ਨਾਲ ਸਬੰਧ ਖ਼ਰਾਬ ਕਰ ਲਏ ਹਨ। ਉਨ੍ਹਾਂ ਕਿਹਾ ਕਿ ਮੋਦੀ ਨੇ ਚੀਨ ਅੱਗੇ ਵੀ ਆਤਮ-ਸਮਰਪਣ ਕਰ ਦਿੱਤਾ ਹੈ ਅਤੇ ਗੁਆਂਢੀ ਮੁਲਕ ਨੂੰ ਕਲੀਨ ਚਿੱਟ ਦੇਣ ਲਈ ਉਨ੍ਹਾਂ ਨੂੰ ਮੁਲਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ, ‘‘ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦਾ ਮੁਲਕ ਪਾਕਿਸਤਾਨ ਦੀ ਖੁਦਮੁਖਤਿਆਰੀ ਅਤੇ ਕੌਮੀ ਆਜ਼ਾਦੀ ਕਾਇਮ ਰੱਖਣ ਲਈ ਉਸ ਦਾ ਸਾਥ ਦੇਣਾ ਜਾਰੀ ਰੱਖੇਗਾ। ਚੀਨ ਨੇ ਪਾਕਿਸਤਾਨ ਨੂੰ 20 ਅਰਬ ਡਾਲਰ ਦੇ ਹਥਿਆਰ ਦਿੱਤੇ ਹਨ।’’ ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਇਹ ਸਮਝਣਾ ਗਲਤ ਹੈ ਕਿ ‘ਨਰਿੰਦਰ ਮੋਦੀ ਭਾਰਤ ਹੈ ਅਤੇ ਭਾਰਤ ਹੀ ਨਰਿੰਦਰ ਮੋਦੀ’ ਹੈ। ਰਾਹੁਲ ਗਾਂਧੀ ਦੇ ‘ਨਰਿੰਦਰ-ਸਰੰਡਰ’ ਵਿਅੰਗ ਲਈ ਹੁਕਮਰਾਨ ਭਾਜਪਾ ਨੇ ਕਾਂਗਰਸ ਆਗੂ ਦੀ ਆਲੋਚਨਾ ਕੀਤੀ ਸੀ। -ਪੀਟੀਆਈ