ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ ਲਗਾਏ ਜਾਣ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਦੇਸ਼ੀ ਅਤੇ ਮੇਕ ਇਨ ਇੰਡੀਆ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ’ਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣੇ ਚਾਹੀਦੇ ਹਨ। ਜਪਾਨ ਦੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਵੱਲੋਂ ਅਗਲੇ ਪੰਜ ਤੋਂ ਛੇ ਸਾਲਾਂ ’ਚ ਮੁਲਕ ਅੰਦਰ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰਨ ਦਾ ਵਚਨ ਦਿੱਤੇ ਜਾਣ ਮੌਕੇ ਮੋਦੀ ਨੇ ਕਿਹਾ ਕਿ ਸਵਦੇਸ਼ੀ ਹਰ ਕਿਸੇ ਦੀ ਜ਼ਿੰਦਗੀ ਦਾ ਮੰਤਰ ਹੋਣਾ ਚਾਹੀਦਾ ਹੈ। ਮੋਦੀ ਨੇ ਕਿਹਾ, ‘‘ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਨੇ ਆਲਮੀ ਅਤੇ ਘਰੇਲੂ ਮੈਨੂਫੈਕਚਰਰਾਂ ਲਈ ਸੁਖਾਵਾਂ ਮਾਹੌਲ ਬਣਾਇਆ ਹੈ। ਹੁਣ ਦੁਨੀਆ ਭਾਰਤ ’ਚ ਬਣੇ ਇਲੈਕਟ੍ਰਿਕ ਵਾਹਨ ਚਲਾਏਗੀ।’’ ਗੁਜਰਾਤ ਦੇ ਹੰਸਲਪੁਰ ਪਲਾਂਟ ’ਚ ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਕਾਰ ਈ-ਵਿਟਾਰਾ ਨੂੰ 100 ਤੋਂ ਵੱਧ ਮੁਲਕਾਂ ਲਈ ਝੰਡੀ ਦਿਖਾਉਣ ਅਤੇ ਲਿਥੀਅਮ-ਇਓਲ ਬੈਟਰੀ, ਸੈੱਲ ਤੇ ਇਲੈਕਟ੍ਰੋਡ ਉਤਪਾਦਨ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਸਵਦੇਸ਼ੀ ਬਾਰੇ ਮੇਰੀ ਪਰਿਭਾਸ਼ਾ ਬਹੁਤ ਸਾਧਾਰਨ ਹੈ। ਇਹ ਅਹਿਮੀਅਤ ਨਹੀਂ ਰੱਖਦਾ ਕਿ ਕਿਸ ਦਾ ਪੈਸਾ ਨਿਵੇਸ਼ ਹੋ ਰਿਹਾ ਹੈ। ਇਹ ਡਾਲਰ ਹੈ ਜਾਂ ਪੌਂਡ ਹੈ ਜਾਂ ਕਰੰਸੀ ਕਾਲੀ ਹੈ ਜਾਂ ਸਫ਼ੈਦ ਹੈ। ਇਹ ਮੇਰੇ ਲਈ ਅਹਿਮ ਨਹੀਂ ਹੈ। ਮੇਰੇ ਲਈ ਇਸ ਗੱਲ ਦੀ ਅਹਿਮੀਅਤ ਹੈ ਕਿ ਉਤਪਾਦਨ ’ਚ ਮੇਰੇ ਦੇਸ਼ਵਾਸੀਆਂ ਦਾ ਪਸੀਨਾ ਲੱਗਾ ਹੈ। ਪੈਸਾ ਕਿਸੇ ਹੋਰ ਦਾ ਹੋ ਸਕਦਾ ਹੈ ਪਰ ਪਸੀਨਾ ਸਾਡਾ ਆਪਣਾ ਹੈ।’’ ਉਨ੍ਹਾਂ ਕਿਹਾ ਕਿ 2047 ਤੱਕ ਅਜਿਹਾ ਭਾਰਤ ਬਣ ਜਾਵੇਗਾ ਜਿਸ ’ਚ ਲੋਕਾਂ ਦੀਆਂ ਪੀੜ੍ਹੀਆਂ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ’ਤੇ ਮਾਣ ਮਹਿਸੂਸ ਕਰਨਗੀਆਂ। ਪ੍ਰਧਾਨ ਮੰਤਰੀ ਨੇ ਮਾਰੂਤੀ ਸੁਜ਼ੂਕੀ ਨੂੰ ਸਵਦੇਸ਼ੀ ਕੰਪਨੀ ਕਰਾਰ ਦਿੰਦਿਆਂ ਭਾਰਤ-ਜਪਾਨ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਮੁਲਕ ਇਕ-ਦੂਜੇ ਲਈ ਬਣੇ ਹਨ। -ਪੀਟੀਆਈ
Advertisement
ਸੁਜ਼ੂਕੀ ਮੋਟਰਜ਼ ਦੇ ਪ੍ਰਧਾਨ ਤੋਸ਼ੀਹੀਰੋ ਸੁਜ਼ੂਕੀ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement
Advertisement
Advertisement
×