DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਐੱਸਆਈਆਰ’ ਬਾਰੇ ਗਲਤ ਸੂਚਨਾ ਫੈਲਾਈ: ਮੁੱਖ ਚੋਣ ਕਮਿਸ਼ਨਰ

ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਦਰਮਿਆਨ ਕੋੲੀ ਫ਼ਰਕ ਨਾ ਕਰਨ ਦਾ ਕੀਤਾ ਦਾਅਵਾ; ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
  • fb
  • twitter
  • whatsapp
  • whatsapp
featured-img featured-img
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ। -ਫੋਟੋ: ਮਾਨਸ ਰੰਜਨ ਭੂਈ
Advertisement

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦਾ ਮਕਸਦ ਵੋਟਰ ਸੂਚੀਆਂ ਵਿਚਲੀਆਂ ਸਾਰੀਆਂ ਤਰੁੱਟੀਆਂ ਨੂੰ ਦੂਰ ਕਰਨਾ ਹੈ ਅਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਪਾਰਟੀਆਂ ਇਸ ਬਾਰੇ ਗਲਤ ਸੂਚਨਾ ਫੈਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ‘ਕਮਿਸ਼ਨ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾ ਰਹੀਆਂ ਹਨ।’’ ਚੋਣ ਕਮਿਸ਼ਨ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਹੋਰ ਪਾਰਟੀਆਂ ਨੇ ਕਥਿਤ ‘ਵੋਟ ਚੋਰੀ’ ਖ਼ਿਲਾਫ਼ ਚੋਣ ਵਾਲੇ ਸੂਬੇ ਬਿਹਾਰ ਵਿੱਚ ‘ਵੋਟਰ ਅਧਿਕਾਰ ਯਾਤਰਾ’ ਸ਼ੁਰੂ ਕੀਤੀ ਹੈ।

ਮੁੱਖ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਦੋਹਰੀ ਵੋਟਿੰਗ ਅਤੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ ਸਾਰੇ ਹਿੱਤਧਾਰਕ ਪਾਰਦਰਸ਼ੀ ਢੰਗ ਨਾਲ ਐੱਸਆਈਆਰ ਨੂੰ ਸਫ਼ਲ ਬਣਾਉਣ ਲਈ ਕੰਮ ਕਰ ਰਹੇ ਹਨ। ਵਿਰੋਧੀ ਧਿਰ ਵੱਲੋਂ ਬਿਹਾਰ ਵਿੱਚ ਐੱਸਆਈਆਰ ਦੇ ਸਮੇਂ ’ਤੇ ਸਵਾਲ ਉਠਾਉਣ ਬਾਰੇ ਕੁਮਾਰ ਨੇ ਕਿਹਾ ਕਿ ਇਹ ਇਕ ਭਰਮ ਹੈ ਕਿ ਐੱਸਆਈਆਰ ਜਲਦਬਾਜ਼ੀ ਵਿੱਚ ਕੀਤਾ ਗਿਆ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰੇਕ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਨੂੰ ਸਹੀ ਕਰਨਾ ਚੋਣ ਕਮਿਸ਼ਨ ਦਾ ਕਾਨੂੰਨੀ ਫ਼ਰਜ਼ ਹੈ। ਉਨ੍ਹਾਂ ਕਿਹਾ, ‘‘ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਬਿਹਾਰ ਵਿੱਚ ਐੱਸਆਈਆਰ ਬਾਰੇ ਗਲਤ ਸੂਚਨਾ ਫੈਲਾ ਰਹੇ ਹਨ। ਚੋਣ ਕਮਿਸ਼ਨ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਿਹਾਰ ਵਿੱਚ ਖਰੜਾ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਅਪੀਲ ਕਰਦਾ ਹੈ। ਅਜੇ 15 ਦਿਨ ਬਾਕੀ ਹਨ।’’ ਕੁਮਾਰ ਨੇ ਕਿਹਾ, ‘‘ਚੋਣ ਕਮਿਸ਼ਨ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ ਅਤੇ ਬੂਥ ਪੱਧਰ ਦੇ ਅਧਿਕਾਰੀ ਅਤੇ ਏਜੰਟ ਪਾਰਦਰਸ਼ੀ ਢੰਗ ਨਾਲ ਮਿਲ ਕੇ ਕੰਮ ਕਰ ਰਹੇ ਹਨ।’’

Advertisement

ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਦਰਮਿਆਨ ਭੇਦ-ਭਾਵ ਨਹੀਂ ਕਰ ਸਕਦਾ ਅਤੇ ਸੱਤਾਧਾਰੀ ਤੇ ਵਿਰੋਧੀ ਧਿਰ, ਦੋਵੇਂ ਹੀ ਚੋਣ ਅਥਾਰਿਟੀ ਵਾਸਤੇ ਬਰਾਬਰ ਹਨ। ਉਨ੍ਹਾਂ ਕਿਹਾ, ‘‘ਜੇਕਰ ਚੋਣ ਪਟੀਸ਼ਨਾਂ 45 ਦਿਨਾਂ ਦੇ ਅੰਦਰ ਦਾਇਰ ਨਹੀਂ ਕੀਤੀਆਂ ਜਾਂਦੀਆਂ, ਪਰ ਵੋਟ ਚੋਰੀ ਦੇ ਦੋਸ਼ ਲਗਾਏ ਜਾਂਦੇ ਹਨ ਤਾਂ ਇਹ ਭਾਰਤੀ ਸੰਵਿਧਾਨ ਦਾ ਅਪਮਾਨ ਹੈ।’’ ਕੁਮਾਰ ਨੇ ਕਿਹਾ ਕਿ ਨਾ ਤਾਂ ਕਮਿਸ਼ਨ ਅਤੇ ਨਾ ਹੀ ਵੋਟਰ ਦੋਹਰੀ ਵੋਟਿੰਗ ਅਤੇ ‘ਵੋਟ ਚੋਰੀ’ ਦੇ ਬੇਬੁਨਿਆਦ ਦੋਸ਼ਾਂ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਕੁਝ ਲੋਕਾਂ ਵੱਲੋਂ ਖੇਡੀ ਜਾ ਰਹੀ ਸਿਆਸਤ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਵਰਗਾਂ ਦੇ ਵੋਟਰਾਂ ਪ੍ਰਤੀ ਦ੍ਰਿੜ੍ਹ ਰਹੇਗਾ। ਉਨ੍ਹਾਂ ਸਵਾਲ ਕੀਤਾ, ‘‘ਚੋਣ ਪ੍ਰਕਿਰਿਆ ਵਿੱਚ ਇਕ ਕਰੋੜ ਤੋਂ ਜ਼ਿਆਦਾ ਮੁਲਾਜ਼ਮ ਲੱਗੇ ਹੋਏ ਹਨ। ਕੀ ਐਨੀ ਪਾਰਦਰਸ਼ੀ ਪ੍ਰਕਿਰਿਆ ਵਿੱਚ ‘ਵੋਟ ਚੋਰੀ’ ਹੋ ਸਕਦੀ ਹੈ?’’ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕਈ ਪਾਰਟੀਆਂ ਦੀਆਂ ਸ਼ਿਕਾਇਤਾਂ ਅਤੇ ਦੇਸ਼ ਅੰਦਰ ਵੋਟਰਾਂ ਦੇ ਪਰਵਾਸ ਦੇ ਮੱਦੇਨਜ਼ਰ ਨਵਾਂ ਐੱਸਆਈਆਰ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਜਾਣੇ-ਅਣਜਾਣੇ ਵਿੱਚ ਪਰਵਾਸ ਅਤੇ ਹੋਰ ਸਮੱਸਿਆਵਾਂ ਕਾਰਨ ਕੁਝ ਲੋਕਾਂ ਕੋਲ ਕਈ ਵੋਟਰ ਪਛਾਣ ਪੱਤਰ ਹੋ ਗਏ ਹਨ।’’ -ਪੀਟੀਆਈ

ਚੋਣ ਕਮਿਸ਼ਨ ਦੀ ਅਸਮਰੱਥਾ ਤੇ ਪੱਖਪਾਤ ਪੂਰੀ ਤਰ੍ਹਾਂ ਉਜਾਗਰ ਹੋਇਆ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ‘ਵੋਟ ਚੋਰੀ’ ਦੇ ਆਪਣੇ ਦੋਸ਼ਾਂ ਨੂੰ ਲੈ ਕੇ ਅੱਜ ਚੋਣ ਕਮਿਸ਼ਨ ਦੀ ਪ੍ਰਤੀਕਿਰਿਆ ਤੋਂ ਬਾਅਦ ਮੋੜਵਾਂ ਹਮਲਾ ਕਰਦੇ ਹੋਏ ਕਿਹਾ ਕਿ ਕਮਿਸ਼ਨ ਦੀ ਨਾ ਸਿਰਫ਼ ਅਸਮਰੱਥਾ ਬਲਕਿ ਪੱਖਪਾਤ ਵੀ ਪੂਰੀ ਤਰ੍ਹਾਂ ਤੋਂ ਉਜਾਗਰ ਹੋ ਗਿਆ ਹੈ। ਕਾਂਗਰਸ ਨੇ ਕਮਿਸ਼ਨ ਦੇ ਇਸ ਦਾਅਵੇ ਨੂੰ ਵੀ ਹਾਸੋਹੀਣਾ ਕਰਾਰ ਦਿੱਤਾ ਹੈ ਕਿ ਉਹ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਕੋਈ ਫ਼ਰਕ ਨਹੀਂ ਕਰਦਾ ਹੈ। ਕਾਂਗਰਸ ਦੇ ਦੋਸ਼ਾਂ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਦੀ ਪ੍ਰੈੱਸ ਕਾਨਫਰੰਸ ਤੋਂ ਤੁਰੰਤ ਬਾਅਦ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਕੀ ਕਮਿਸ਼ਨ ਸੁਪਰੀਮ ਕੋਰਟ ਦੇ 14 ਅਗਸਤ ਦੇ ਹੁਕਮਾਂ ਨੂੰ ਹੂਬਹੂ ਲਾਗੂ ਕਰੇਗਾ। ਉਨ੍ਹਾਂ ਕਿਹਾ, ‘‘ਅੱਜ, ਸ੍ਰੀ ਰਾਹੁਲ ਗਾਂਧੀ ਵੱਲੋਂ ਸਾਸਾਰਾਮ ਤੋਂ ‘ਇੰਡੀਆ’ ਜਨਬੰਧਨ ਦੀ ਵੋਟਰ ਅਧਿਕਾਰ ਯਾਤਰਾ ਸ਼ੁਰੂ ਕਰਨ ਤੋਂ ਕੁਝ ਹੀ ਦੇਰ ਬਾਅਦ, ਮੁੱਖ ਚੋਣ ਕਮਿਸ਼ਨਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਉਹ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਕੋਈ ਫ਼ਰਕ ਨਹੀਂ ਕਰਦੇ।’’ ਰਮੇਸ਼ ਨੇ ‘ਐਕਸ’ ਉੱਤੇ ਲਿਖਿਆ, ‘‘ਇਹ ਹਾਸੋਹੀਣੀ ਗੱਲ ਹੈ। ਮੁੱਖ ਚੋਣ ਕਮਿਸ਼ਨਰ ਨੇ ਸ੍ਰੀ ਰਾਹੁਲ ਗਾਂਧੀ ਦੇ ਕਿਸੇ ਵੀ ਤਿੱਖੇ ਸਵਾਲ ਦਾ ਸਾਰਥਕ ਜਵਾਬ ਨਹੀਂ ਦਿੱਤਾ।’’ -ਪੀਟੀਆਈ

ਰਾਹੁਲ ਗਾਂਧੀ ਨੂੰ ਦੋਸ਼ਾਂ ਬਾਰੇ ਸੱਤ ਦਿਨਾਂ ’ਚ ਸਹੁੰ ਪੱਤਰ ਦਾਇਰ ਕਰਨ ਲਈ ਕਿਹਾ

ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਵੋਟਰ ਸੂਚੀ ਵਿੱਚ ਗੜਬੜੀਆਂ ਦੇ ਆਪਣੇ ਦੋਸ਼ਾਂ ਬਾਰੇ ਸੱਤ ਦਿਨਾਂ ਦੇ ਅੰਦਰ ਸਹੁੰ ਪੱਤਰ ਦੇਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਦੇ ‘ਵੋਟ ਚੋਰੀ’ ਦੇ ਦਾਅਵੇ ਬੇਬੁਨਿਆਦ ਅਤੇ ਅਵੈਧ ਮੰਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਚੋਣ ਖੇਤਰ ਦਾ ਵੋਟਰ ਨਹੀਂ ਹੈ ਅਤੇ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸਿਰਫ਼ ਸਹੁੰ ਲੈ ਕੇ ਗਵਾਹ ਵਜੋਂ ਹੀ ਅਜਿਹਾ ਕਰ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਨੇ ਅੱਜ ਗਾਂਧੀ ਦੇ ਦੋਸ਼ਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ, ‘‘ਕੀ ਚੋਣ ਕਮਿਸ਼ਨ ਨੂੰ ਸ਼ਿਕਾਇਤਕਰਤਾ ਵੱਲੋਂ ਸਹੁੰ ਪੱਤਰ ਦਿੱਤੇ ਬਿਨਾਂ 1.5 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕਰਨਾ ਚਾਹੀਦੈ? ਉਨ੍ਹਾਂ ਕਿਹਾ, ‘‘ਜੇਕਰ ਸੱਤ ਦਿਨਾਂ ਦੇ ਅੰਦਰ ਸਹੁੰ ਪੱਤਰ ਨਹੀਂ ਦਿੱਤਾ ਜਾਂਦਾ ਹੈ ਤਾਂ ਦਾਅਵੇ ਬੇਬੁਨਿਆਦ ਅਤੇ ਅਵੈਧ ਮੰਨੇ ਜਾਣਗੇ।’’ ਉਨ੍ਹਾਂ ਕਿਹਾ ਕਿ ਬੇਬੁਨਿਆਦ ਦੋਸ਼ ਲਗਾਉਣ ਵਾਲਿਆਂ ਨੂੰ ਦੇਸ਼ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਕੁਮਾਰ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਸੂਰਜ ਪੂਰਬ ਦਿਸ਼ਾ ਵਿੱਚ ਹੀ ਚੜ੍ਹਦਾ ਹੈ, ਕਿਸੇ ਹੋਰ ਜਗ੍ਹਾ ਤੋਂ ਨਹੀਂ, ਉਹ ਵੀ ਸਿਰਫ਼ ਇਸ ਵਾਸਤੇ ਕਿ ਕੋਈ ਅਜਿਹਾ ਕਹਿੰਦਾ ਹੈ। -ਪੀਟੀਆਈ

Advertisement
×