ਰੱਖਿਆ ਮੰਤਰਾਲਾ ਚੀਤਾ ਤੇ ਚੇਤਕ ਦੀ ਪੁਰਾਣੀ ਫਲੀਟ ਬਦਲਣ ਲਈ 200 ਹੈਲੀਕਾਪਟਰ ਖਰੀਦੇਗਾ
ਰੱਖਿਆ ਮੰਤਰਾਲਾ (MoD) ਵੱਲੋਂ ਥਲ ਸੈਨਾ ਤੇ ਭਾਰਤੀ ਹਵਾਈ ਸੈਨਾ ਲਈ 200 ਹੈਲੀਕਾਪਟਰਾਂ ਦੀ ਖਰੀਦ ਕੀਤੀ ਜਾਵੇਗੀ, ਜੋ ਛੇ ਦਹਾਕੇ ਪੁਰਾਣੇ ਚੀਤਾ ਅਤੇ ਚੇਤਕ ਹੈਲੀਕਾਪਟਰਾਂ ਦੇ ਬਦਲ ਹੋਣਗੇ। ਮੰਤਰਾਲੇ ਨੇ ਹੈਲੀਕਾਪਟਰਾਂ ਦੀ ਖਰੀਦ ਲਈ ਸ਼ੁੱਕਰਵਾਰ ਨੂੰ RFI (ਜਾਣਕਾਰੀ ਲਈ ਬੇਨਤੀ) ਜਾਰੀ ਕੀਤੀ ਹੈ, ਜੋ ਟੈਂਡਰਿੰਗ ਅਮਲ ਦਾ ਪਹਿਲਾ ਕਦਮ ਹੈ। ਯੋਜਨਾ ਤਹਿਤ ਇਨ੍ਹਾਂ ਵਿੱਚੋਂ 120 ਹੈਲੀਕਾਪਟਰ ਖੋਜ ਅਤੇ ਨਿਗਰਾਨੀ ਦੇ ਮੰਤਵ ਲਈ ਭਾਰਤੀ ਫੌਜ ਦੀ ਏਵੀਏਸ਼ਨ ਕੋਰ ਲਈ ਖਰੀਦੇ ਜਾਣੇ ਹਨ ਜਦੋਂਕਿ ਬਾਕੀ 80 ਹੈਲੀਕਾਪਟਰ ਭਾਰਤੀ ਹਵਾਈ ਸੈਨਾ ਲਈ ਹੋਣਗੇ।
RFI ਹੈਲੀਕਾਪਟਰ ਨਿਰਮਾਤਾਵਾਂ ਨੂੰ ਭਾਰਤੀ ਕੰਪਨੀਆਂ ਨਾਲ ਭਾਈਵਾਲੀ ਕਰਨ ਅਤੇ ਪ੍ਰੋਜੈਕਟ ਲਈ ਬੋਲੀ ਲਗਾਉਣ ਦੀ ਆਗਿਆ ਦਿੰਦਾ ਹੈ, ਪਰ ਹੈਲੀਕਾਪਟਰਾਂ ਦਾ ਨਿਰਮਾਣ ਭਾਰਤ ਵਿੱਚ ਕੀਤੇ ਜਾਣਾ ਜ਼ਰੂਰੀ ਹੋਵੇਗਾ। ਰੱਖਿਆ ਮੰਤਰਾਲੇ ਦਾ ਉਦੇਸ਼ ਸੰਭਾਵੀ ਵਿਕਰੇਤਾਵਾਂ ਦੀ ਪਛਾਣ ਕਰਨਾ ਹੈ ਜਿਸ ਵਿੱਚ ਇੱਕ ਭਾਰਤੀ ਕੰਪਨੀ ਵੀ ਸ਼ਾਮਲ ਹੈ, ਜੋ ਅਸਲ ਉਪਕਰਣ ਨਿਰਮਾਤਾ ਨਾਲ ਇੱਕ ਸਾਂਝਾ ਉੱਦਮ ਬਣਾਏਗੀ। ਨਿਰਮਾਤਾ ਭਾਰਤੀ ਜਾਂ ਵਿਦੇਸ਼ੀ ਕੰਪਨੀ ਹੋ ਸਕਦੀ ਹੈ। ਵਿਕਰੇਤਾਵਾਂ ਨਾਲ ਇੱਕ ਮਹੀਨੇ ਵਿੱਚ ਇੱਕ ਮੀਟਿੰਗ ਤੈਅ ਕੀਤੀ ਗਈ ਹੈ।
ਇਥੇ ਅਹਿਮ ਹੈ ਕਿ ਰੱਖਿਆ ਮੰਤਰਾਲੇ ਨੇ ਆਪਣੀ ਖੋਜ ਨੂੰ ਇਕਹਿਰੇ (ਸਿੰਗਲ) ਇੰਜਣ ਵਾਲੇ ਹੈਲੀਕਾਪਟਰਾਂ ਤੱਕ ਸੀਮਤ ਨਹੀਂ ਰੱਖਿਆ ਹੈ ਅਤੇ ਟੈਂਡਰਿੰਗ ਦੋ-ਇੰਜਣ (ਡਬਲ ਇੰਜਣ) ਵਾਲੇ ਹੈਲੀਕਾਪਟਰਾਂ ਲਈ ਵੀ ਖੁੱਲ੍ਹੀ ਹੈ। ਇਹ ਹੈਲੀਕਾਪਟਰ ਦਿਨ ਤੇ ਰਾਤ ਵੇਲੇ ਹੇਠ ਲਿਖੀਆਂ ਭੂਮਿਕਾਵਾਂ ਨਿਭਾਉਣ ਦੇ ਸਮਰੱਥ ਹੋਣੇ ਚਾਹੀਦੇ ਹਨ- ਖੋਜ ਤੇ ਨਿਗਰਾਨੀ ਕਰਨਾ; ਵਿਸ਼ੇਸ਼ ਮਿਸ਼ਨਾਂ ਲਈ ਫੌਜਾਂ ਜਾਂ ਕੁਇਕ ਰਿਐਕਸ਼ਨ ਟੀਮਾਂ ਦੀ ਇੱਕ ਛੋਟੀ ਜਿਹੀ ਟੁਕੜੀ ਨੂੰ ਲੈ ਕੇ ਜਾਣ; ਜ਼ਮੀਨੀ ਅਪਰੇਸ਼ਨਾਂ ਵਿਚ ਸਹਾਇਤਾ ਲਈ ਅੰਦਰੂਨੀ ਤੇ ਬਾਹਰੀ ਲੋਡ ਲਿਜਾਣ। ਹਮਲਾਵਰ ਹੈਲੀਕਾਪਟਰਾਂ ਨਾਲ ਮਿਲ ਕੇ ਖੋਜ ਕਾਰਜ ਕਰਨਾ।
ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਗਰਮ ਰੇਗਿਸਤਾਨਾਂ ਜਾਂ ਸਿਆਚਿਨ ਦੇ ਬਰਫ਼ੀਲੇ ਇਲਾਕਿਆਂ ਵਿਚ ਮਨਫੀ ਤਾਪਮਾਨ ਜਿਹੇ ਮੌਸਮ ਵਿੱਚ ਹੋਵੇਗੀ, ਇਸ ਲਈ ਰੱਖਿਆ ਮੰਤਰਾਲੇ ਨੇ ਸਿਆਚਿਨ ਜਾਂ 16,000 ਫੁੱਟ ਤੋਂ ਉੱਪਰ ਦੇ ਖੇਤਰਾਂ ਵਿੱਚ ਕੰਮ ਕਰਦੇ ਸਮੇਂ ਖਾਸ ਭਾਰ ਚੁੱਕਣ ਦੀ ਸਮਰੱਥਾ ਦੀ ਮੰਗ ਕੀਤੀ ਹੈ। ਹੁਣ ਤੱਕ ਥਲ ਸੈਨਾ ਅਤੇ ਭਾਰਤੀ ਹਵਾਈ ਫੌਜ ਪਹਾੜਾਂ ਵਿੱਚ ਸਿੰਗਲ ਇੰਜਣ ਚੀਤਾ ਅਤੇ ਚੇਤਕ ਹੈਲੀਕਾਪਟਰਾਂ ਜਾਂ ਦੋਹਰੇ ਇੰਜਣ ਵਾਲੇ ਐਡਵਾਂਸਡ ਲਾਈਟ ਹੈਲੀਕਾਪਟਰਾਂ (ALH) ਦੀ ਵਰਤੋਂ ਕਰਦੀ ਹੈ। ਚੀਤਾ ਅਤੇ ਚੇਤਕ ਦੇ ਪੁਰਾਣੇ ਹੋ ਰਹੇ ਬੇੜੇ ਕਾਰਨ ਇਨ੍ਹਾਂ 200 ਹੈਲੀਕਾਪਟਰਾਂ ਦੀ ਲੋੜ ਪਈ ਹੈ।
ਚੇਤਕ ਫਰਾਂਸੀਸੀ ਡਿਜ਼ਾਈਨ ਕੀਤੇ ਐਰੋਸਪੇਸ਼ੀਅਲ ਅਲੂਏਟ III ’ਤੇ ਅਧਾਰਤ ਹੈ ਅਤੇ ਇਸ ਨੂੰ 1962 ਵਿੱਚ ਭਾਰਤੀ ਫੌਜ ’ਚ ਸ਼ਾਮਲ ਕੀਤਾ ਗਿਆ ਸੀ। ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨੇ 1965 ਵਿੱਚ ਲਾਇਸੈਂਸ ਅਧੀਨ ਇਨ੍ਹਾਂ ਦਾ ਨਿਰਮਾਣ ਸ਼ੁਰੂ ਕੀਤਾ ਸੀ। ਸਿੰਗਲ ਇੰਜਣ ਵਾਲਾ ਚੀਤਾ ਐਰੋਸਪੇਸ਼ੀਅਲ SA 315B ਲਾਮਾ ਤੋਂ ਲਿਆ ਗਿਆ ਹੈ ਅਤੇ 1976 ਵਿੱਚ ਸੇਵਾ ਵਿੱਚ ਦਾਖਲ ਹੋਇਆ ਸੀ। ਹਾਲ ਹੀ ਦੇ ਸਾਲਾਂ ਵਿੱਚ ਕਈ ਘਾਤਕ ਹਾਦਸਿਆਂ ਦੇ ਮੱਦੇਨਜ਼ਰ ਪੁਰਾਣੇ ਹੈਲੀਕਾਪਟਰਾਂ ਨੂੰ ਸੇਵਾਮੁਕਤ ਕਰਨ ਦੀ ਮੰਗ ਜ਼ੋਰ ਫੜ ਗਈ ਹੈ।
ਭਾਰਤੀ ਸੈਨਾ ਏਵੀਏਸ਼ਨ ਕੋਰ ਵੱਲੋਂ ਤਿਆਰ ਕੀਤੇ ਗਏ 246 ਚੀਤਾ/ਚੇਤਕ ਹੈਲੀਕਾਪਟਰਾਂ ਵਿੱਚੋਂ ਇਸ ਵੇਲੇ ਕਰੀਬ 190 ਹੈਲੀਕਾਪਟਰ ਚਲਾਉਂਦੀ ਹੈ। ਇਨ੍ਹਾਂ ਵਿੱਚੋਂ ਕਰੀਬ 30 ਰੱਖ-ਰਖਾਅ ਵਿੱਚ ਹਨ। ਫੌਜ ਅਤੇ ਭਾਰਤੀ ਹਵਾਈ ਸੈਨਾ ਨੂੰ ਮਿਲ ਕੇ 450 ਤੋਂ ਵੱਧ ਹਲਕੇ ਹੈਲੀਕਾਪਟਰਾਂ ਦੀ ਲੋੜ ਹੈ। ਥਲ ਸੈਨਾ ਨੂੰ ਇਨ੍ਹਾਂ ਵਿੱਚੋਂ ਕਰੀਬ 250 ਦੀ ਲੋੜ ਹੋਵੇਗੀ।
ਭਾਰਤੀ ਥਲ ਸੈਨਾ HAL ਤੋਂ 80 ਸਵਦੇਸ਼ੀ ਲਾਈਟ ਯੂਟੀਲਿਟੀ ਹੈਲੀਕਾਪਟਰ ਖਰੀਦਣ ’ਤੇ ਵੀ ਵਿਚਾਰ ਕਰ ਰਹੀ ਹੈ, ਹਾਲਾਂਕਿ, ਜਹਾਜ਼ ਦੇ ਆਟੋਪਾਇਲਟ ਸਿਸਟਮ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਕਾਰਨ ਡਲਿਵਰੀ ਵਿੱਚ ਦੇਰੀ ਹੋ ਰਹੀ ਹੈ। LUH ਨੇ 2020 ਵਿੱਚ ਉੱਚ-ਉਚਾਈ ਦੇ ਟਰਾਇਲ ਪੂਰੇ ਕੀਤੇ ਅਤੇ 2021 ਵਿੱਚ ਸ਼ੁਰੂਆਤੀ ਸੰਚਾਲਨ ਕਲੀਅਰੈਂਸ ਪ੍ਰਾਪਤ ਕੀਤੀ।