ਮਿੱਡ-ਡੇਅ ਮੀਲ ਯੋਜਨਾ: ਖ਼ਰਾਬ ਹੋ ਗਏ ਕਣਕ ਤੇ ਚੌਲ, ਪਕਾਉਣ ਲਈ ਕੁਝ ਨਹੀਂ ਕੋਲ
ਅਜਨਾਲਾ ਤੇ ਰਮਦਾਸ ਦੇ ਸਕੂਲਾਂ ’ਚ ਹੜ੍ਹਾਂ ਕਾਰਨ ਸੁੱਕੀ ਰਸਦ, ਖਾਣਾ ਬਣਾਉਣ ਤੇ ਪਰੋਸਣ ਵਾਲੇ ਭਾਂਡੇ ਨੁਕਸਾਨੇ;
ਪੰਜਾਬ ਵਿੱਚ ਹਾਲ ਹੀ ’ਚ ਆਏ ਹੜ੍ਹਾਂ ਕਾਰਨ ਅਜਨਾਲਾ ਤੇ ਰਮਦਾਸ ਦੇ ਸਰਹੱਦੀ ਖੇਤਰਾਂ ਦੇ ਕਈ ਸਰਕਾਰੀ ਸਕੂਲਾਂ ’ਚ ਮਿੱਡ-ਡੇਅ ਮੀਲ/ਪ੍ਰਧਾਨ ਮੰਤਰੀ ਪੋਸ਼ਣ ਪ੍ਰੋਗਰਾਮ ’ਚ ਵਿਘਨ ਪਿਆ ਹੈ। ਹਾਲਾਤ ਆਮ ਹੋਣ ਦੇ ਬਾਵਜੂਦ ਮਿੱਡ-ਡੇਅ ਮੀਲ ਸਕੀਮ ਆਮ ਤਰੀਕੇ ਨਾਲ ਜਾਰੀ ਰੱਖਣੀ ਸਕੂਲਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ। ਬਹੁਤੇ ਸਕੂਲਾਂ ’ਚ ਅਨਾਜ (ਕਣਕ, ਚੌਲ ਆਦਿ) ਅਤੇ ਅਤੇ ਕਰਿਆਨੇ ਦੇ ਸਾਮਾਨ ਦਾ ਸਟਾਕ ਜਾਂ ਤਾਂ ਖਰਾਬ ਹੋ ਗਿਆ ਹੈ ਜਾਂ ਵਰਤੋਂਯੋਗ ਨਹੀਂ ਰਿਹਾ।
ਹੜ੍ਹਾਂ ਕਾਰਨ ਸਕੂਲਾਂ ’ਚ ਬੁਨਿਆਦੀ ਢਾਂਚੇ ਦਾ ਨੁਕਸਾਨ ਵੀ ਹੋਇਆ ਹੈ। ਰਸੋਈਆਂ ਤੇ ਖਾਣਾ ਪਕਾਉਣ ਵਾਲੀ ਜਗ੍ਹਾ, ਪਾਣੀ ਦੀ ਸਪਲਾਈ ਵਾਲੀਆਂ ਟੈਂਕੀਆਂ ਨੁਕਸਾਨੀਆਂ ਗਈਆਂ ਜਾਂ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਚੁੱਕੀਆਂ ਹਨ। ਖਾਣਾ ਪਕਾਉਣ ਲਈ ਵਰਤੇ ਜਾਂਦੇ ਬਰਤਨ ਜਾਂ ਤਾਂ ਗੁੰਮ ਹੋ ਗਏ ਹਨ ਜਾਂ ਉਨ੍ਹਾਂ ਦੀ ਸਫ਼ਾਈ ਦੀ ਲੋੜ ਹੈ।
ਸਰਕਾਰੀ ਮਿਡਲ ਸਕੂਲ ਮੱਛੀਵਾਲ ਦੀ ਮਿੱਡ-ਡੇਅ ਮੀਲ ਵਰਕਰ ਗੁਰਵਿੰਦਰ ਕੌਰ ਨੇ ਦੱਸਿਆ, ‘‘ਅਸੀਂ ਖਾਣਾ ਪਕਾਉਣ ਲਈ ਜਿਹੜਾ ਗੈਸ ਸਿਲੰਡਰ ਵਰਤਦੇ ਸੀ, ਉਹ ਰੁੜ੍ਹ ਗਿਆ। ਸਾਡਾ ਚੌਲਾਂ ਤੇ ਆਟੇ ਦਾ ਪੂਰਾ ਸਟਾਕ ਗਿੱਲਾ ਹੋ ਗਿਆ ਸੀ, ਜੋ ਸੁੱਟਣਾ ਪਿਆ। ਹੁਣ ਅਸੀਂ ਖਾਣਾ ਪਕਾਉਣ ਲਈ ਮਿੱਟੀ ਦਾ ਚੁੱਲ੍ਹਾ ਬਣਾਇਆ ਹੈ ਤੇ ਰਾਸ਼ਨ ਰੋਜ਼ਾਨਾ ਸਥਾਨਕ ਦੁਕਾਨਾਂ ਤੋਂ ਮੰਗਵਾਇਆ ਜਾ ਰਿਹਾ ਹੈ।’’
ਇਸੇ ਤਰ੍ਹਾਂ ਅਜਨਾਲਾ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਕੋਟਲੀ ਕੋਰੋਟਾਨਾ ’ਚ ਪਾਣੀ ਭਰਨ ਕਾਰਨ ਇਮਾਰਤ ’ਚ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਰਸੋਈ ਖਾਣਾ ਪਕਾਉਣ ਲਈ ਸੁਰੱਖਿਅਤ ਨਹੀਂ ਰਹੀ। ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ, ‘‘ਜਦੋਂ ਅਸੀਂ ਦਰਵਾਜ਼ੇ ਖੋਲ੍ਹੇ, ਤਾਂ ਇਹ ਦਿਲ ਤੋੜਨ ਵਾਲਾ ਦ੍ਰਿਸ਼ ਸੀ। ਅਨਾਜ ਵਾਲੇ ਡਰੰਮ ਪੂਰੀ ਤਰ੍ਹਾਂ ਟੁੱਟ ਚੁੱਕੇ ਸਨ, ਬਰਤਨਾਂ ’ਤੇ ਕਾਈ ਅਤੇ ਚਿੱਕੜ ਦੀਆਂ ਪਰਤਾਂ ਜੰਮੀਆਂ ਹੋਈਆਂ ਸਨ। ਫੂਡ ਸਟੋਰੇਜ ਰਜਿਸਟਰ ਤੇ ਸਬਜ਼ੀਆਂ ਆਦਿ ਦਾ ਸਟਾਕ ਵੀ ਸੜ ਚੁੱਕਾ ਸੀ। ਸਾਨੂੰ ਬਰਤਨਾਂ ਦੀ ਸਫ਼ਾਈ ਕਰਨ ’ਚ ਦੋ ਦਿਨ ਲੱਗ ਗਏ ਤੇ ਹਾਲੇ ਵੀ ਅਸੀਂ ਸਿਹਤ ਸਬੰਧੀ ਫਿਕਰਾਂ ਕਾਰਨ ਕੁਝ ਭਾਂਡਿਆਂ ’ਚ ਖਾਣਾ ਨਾ ਪਕਾਉਣ ਜਾਂ ਨਾ ਪਰੋਸਣ ਦਾ ਫੈਸਲਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਫਿਲਹਾਲ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਕੋਟਲੀ ਕੋਰੋਟਾਣਾ ਦੇ ਸਕੂਲ ਮੁਖੀ ਸੁਖਬੀਰ ਸਿੰਘ ਨੇ ਕਿਹਾ, ‘‘ਪ੍ਰਾਇਮਰੀ ਸਕੂਲਾਂ ਦੇ ਜ਼ਿਆਦਾਤਰ ਬੱਚੇ ਸਕੂਲਾਂ ਵਿੱਚ ਮਿਲਦੇ ਪੌਸ਼ਟਿਕ ਭੋਜਨ ’ਤੇ ਨਿਰਭਰ ਕਰਦੇ ਹਨ। ਸਕੂਲਾਂ ਨੂੰ ਸਹੀ ਤਰੀਕੇ ਨਾਲ ਮਿੱਡ-ਡੇਅ ਮੀਲ ਸੇਵਾਵਾਂ ਬਹਾਲ ਕਰਨ ’ਚ ਕੁਝ ਸਮਾਂ ਲੱਗੇਗਾ, ਹਾਲਾਂਕਿ ਅਸੀਂ ਫਿਲਹਾਲ ਸਥਾਨਕ ਪੱਧਰ ’ਤੇ ਭੋਜਨ ਸਮੱਗਰੀ ਜੁਟਾ ਰਹੇ ਹਾਂ।’’
ਪਿੰਡ ਥੋਬੇ ’ਚ ਸਕੂਲ ’ਚ ਜਿੱਥੇ ਅਨਾਜ ਦੀਆਂ ਭਰੀਆਂ ਬੋਰੀਆਂ ਖਰਾਬ ਹੋ ਗਈਆਂ ਹਨ। ਪੰਡੋਰੀ, ਅਵਾਨ ਤੇ ਹੋਰ ਪਿੰਡਾਂ ਦੇ ਸਰਕਾਰੀ ਸਕੂਲਾਂ ’ਚ ਵੀ ਅਜਿਹੇ ਹੀ ਹਾਲਾਤ ਹਨ। ਜ਼ਿਕਰਯੋਗ ਹੈ ਪਹਿਲਾਂ ਜਿੱਥੇ ਤੈਅ ਸੂਚੀ ਮੁਤਾਬਕ ਭੋਜਨ ਪਰੋਸਿਆ ਜਾਂਦਾ ਸੀ ਉੱਥੇ ਹੁਣ ਸਕੂਲ ਹੁਣ ਇਹ ਸਕੀਮ ਜਾਰੀ ਰੱਖਣ ਲਈ ਜੋ ਕੁਝ ਵੀ ਉਪਲਬਧ ਹੈ, ਉਹੀ ਵਰਤ ਰਹੇ ਹਨ।
ਟੀਮਾਂ ਕਰ ਰਹੀਆਂ ਨੇ ਸਕੂਲਾਂ ਦਾ ਦੌਰਾ: ਅਧਿਕਾਰੀ
ਪ੍ਰਧਾਨ ਮੰਤਰੀ ਪੋਸ਼ਣ/ਮਿੱਡ-ਡੇਅ ਮੀਲ ਪ੍ਰੋਗਰਾਮ, ਪੰਜਾਬ ਦੇ ਇੰਚਾਰਜ ਅਧਿਕਾਰੀ ਸੌਰਭ ਨੇ ਕਿਹਾ ਕਿ ਉਹ ਇਸ ਸਮੱਸਿਆ ਤੋਂ ਜਾਣੂ ਹਨ। ਉਨ੍ਹਾਂ ਕਿਹਾ, ‘‘ਪੀਡਬਲਯੂਡੀ ਅਧਿਕਾਰੀ ਅਤੇ ਸਾਡੀ ਟੀਮ ਵੱਲੋਂ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਹਰੇਕ ਸਕੂਲ ਦੇ ਨੁਕਸਾਨ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਸ ਮਗਰੋਂ ਜ਼ਿਲ੍ਹਾ ਕਮਿਸ਼ਨਰਾਂ ਕੋਲ ਮੁਲਾਂਕਣ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਮੁਤਾਬਕ ਅਗਲੀ ਯੋਜਨਾ ਬਣੇਗੀ।’’ ਉਨ੍ਹਾਂ ਆਖਿਆ ਕਿ ਸਕੂਲ ਕਮੇਟੀਆਂ ਨੂੰ ਕਿਸੇ ਵੀ ਸਮੱਸਿਆ ਦੀ ਸੂਚਨਾ ਸਬੰਧਤ ਬਲਾਕ ਵਿਕਾਸ ਅਧਿਕਾਰੀਆਂ ਨੂੰ ਦੇਣ ਲਈ ਕਿਹਾ ਗਿਆ ਹੈ।