ਚੋਣ ਅਧਿਕਾਰੀਆਂ ਦੇ ਨੋਟਿਸ ਦਾ ‘ਵਧੀਆ ਜਵਾਬ’ ਤਿਆਰ: ਤੇਜਸਵੀ ਯਾਦਵ
ਆਰਜੇਡੀ ਆਗੂ ਤੇਜਸਵੀ ਯਾਦਵ ਨੇ ਚੋਣ ਅਧਿਕਾਰੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੋ ਈਪੀਆਈਸੀ ਨੰਬਰ ਰੱਖਣ ਦਾ ਨੋਟਿਸ ਭੇਜ ਕੇ ਅਧਿਕਾਰੀਆਂ ਨੇ ਖੁਦ ਦੀ ਗਲਤੀ ਲਈ ਉਨ੍ਹਾਂ (ਤੇਜਸਵੀ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਿਹਾਰ ਦੇ ਸਾਬਕਾ ਮੁੱਖ ਉੱਪ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਭੇਜੇ ਗਏ ਨੋਟਿਸ ਦਾ ‘ਇੱਕ ਵਧੀਆ’ ਜਵਾਬ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਅਧਿਕਾਰੀਆਂ ਕੋਲ ਕਹਿਣ ਲਈ ਕੁੱਝ ਨਹੀਂ ਬਚੇਗਾ। ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਨੋਟਿਸ ਚੋਣ ਕਮਿਸ਼ਨ ਤੋਂ ਨਹੀਂ ਬਲਕਿ ਪਟਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਇਆ ਹੈ। ਉਨ੍ਹਾਂ ਕਿਹਾ,‘‘ਜੇ ਮੇਰੇ ਨਾਂ ’ਤੇ ਦੋ ਈਪੀਆਈਸੀ ਨੰਬਰ ਜਾਰੀ ਕੀਤੇ ਗਏ ਹਨ ਤਾਂ ਇਸ ਵਿੱਚ ਗਲਤੀ ਕਿਸ ਦੀ ਹੈ? ਆਖ਼ਰਕਾਰ, ਮੈਂ ਸਿਰਫ ਇੱਕ ਥਾਂ ਤੋਂ ਆਪਣੀ ਵੋਟ ਪਾ ਰਿਹਾ ਹਾਂ।’’ ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਨੇ ਪ੍ਰਕਾਸ਼ਿਤ ਕੀਤੀਆਂ ਵੋਟਰ ਸੂਚੀਆਂ ਵਿੱਚ ਆਪਣਾ ਈਪੀਆਈਸੀ ਨੰਬਰ ਆਨਲਾਈਨ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ‘ਕੋਈ ਰਿਕਾਰਡ ਨਹੀਂ ਮਿਲਿਆ’ ਆਇਆ ਸੀ। ਤੇਜਸਵੀ ਨੇ ਦਾਅਵਾ ਕੀਤਾ ਹੈ ਕਿ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ ਦੌਰਾਨ ਨਵੀਂ ਸੂਚੀ ’ਚ ਕਈ ਸੀਨੀਅਰ ਅਧਿਕਾਰੀਆਂ ਸਣੇ ਹੋਰ ਅਮੀਰ ਲੋਕਾਂ ਦੇ ਨਾਂ ਕੱਟ ਦਿੱਤੇ ਗਏ ਹਨ।