ਪੁਰੀ ਵਿੱਚ ਜਗਨਨਾਥ ਮੰਦਰ ਨੂੰ ਢਾਹੁਣ ਦੀ ਧਮਕੀ ਭਰੇ ਸੰਦੇਸ਼ ਮਿਲੇ
ਉੜੀਸਾ ਦੇ ਪੁਰੀ ਵਿੱਚ 12ਵੀਂ ਸਦੀ ਦੇ ਜਗਨਨਾਥ ਮੰਦਰ ਦੇ ਨੇੜੇ ਇੱਕ ਛੋਟੇ ਮੰਦਰ ਦੀ ਕੰਧ ’ਤੇ ਦੋ ਧਮਕੀ ਭਰੇ ਸੰਦੇਸ਼ ਲਿਖੇ ਮਿਲੇ ਹਨ। ਇਨ੍ਹਾਂ ਵਿੱਚ ‘‘ਅਤਿਵਾਦੀ ਜਗਨਨਾਥ ਮੰਦਰ ਨੂੰ ਢਾਹ ਦੇਣਗੇ’’ ਦੀ ਧਮਕੀ ਦਿੱਤੀ ਗਈ ਹੈ, ਜਿਸ ਨਾਲ ਸ਼ਰਧਾਲੂਆਂ ਵਿੱਚ ਰੋਸ ਪੈਦਾ ਹੋ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉੜੀਆ ਭਾਸ਼ਾ ਵਿੱਚ ਲਿਖੀ ਧਮਕੀ ਬਾਲੀ ਸਾਹੀ ਸਥਿਤ ਮਾਂ ਬੁਧੀ ਠਾਕੁਰਾਨੀ ਦੇ ਮੰਦਰ ਦੀ ਕੰਧ ’ਤੇ ਮਿਲੀ ਹੈ।
ਇੱਕ ਗ੍ਰੈਫਿਟੀ ਵਿੱਚ ਲਿਖਿਆ ਸੀ, ‘‘ਅਤਿਵਾਦੀ ਸ੍ਰੀਮੰਦਰ ਨੂੰ ਢਾਹ ਦੇਣਗੇ। ਮੈਨੂੰ ਕਾਲ ਕਰੋ, ਨਹੀਂ ਤਾਂ ਤਬਾਹੀ ਹੋਵੇਗੀ।” ਪੁਰੀ ਦੇ ਇੱਕ ਵਸਨੀਕ ਨੇ ਦੱਸਿਆ, “ਮੰਦਰ ਦੀ ਕੰਧ 'ਤੇ ਕਈ ਫ਼ੋਨ ਨੰਬਰ ਲਿਖੇ ਹੋਏ ਹਨ। ਪੀ.ਐੱਮ. ਮੋਦੀ', 'ਦਿੱਲੀ' ਵਰਗੇ ਸ਼ਬਦ ਵੀ ਲਿਖੇ ਗਏ ਸਨ।”
ਪੁਰੀ ਦੇ ਐੱਸਪੀ ਪਿਨਾਕ ਮਿਸ਼ਰ ਨੇ ਮੌਕੇ ਦਾ ਦੌਰਾ ਕਰਦਿਆਂ ਕਿਹਾ, ‘‘ਅਸੀਂ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਸਾਨੂੰ ਕੁਝ ਜਾਣਕਾਰੀ ਮਿਲੀ ਹੈ ਅਤੇ ਅਜਿਹੀ ਧਮਕੀ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ।”
ਐੱਸਪੀ ਨੇ ਕਿਹਾ ਕਿ ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਧਮਕੀਆਂ ਮੰਗਲਵਾਰ ਰਾਤ ਨੂੰ ਲਿਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੁਲੀਸ ਇਸ ਸ਼ਰਾਰਤ ਪਿੱਛੇ ਦੇ ਇਰਾਦੇ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ