ਮੈਫੇਡਰੋਨ ਬਰਾਮਦਗੀ ਮਾਮਲਾ: ਯੂਏਈ ਤੋਂ ਡਿਪੋਰਟ ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ/ਮੁੰਬਈ, 11 ਜੁਲਾਈ
ਇੰਟਰਪੋਲ ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਸਿੰਥੈਟਿਕ ਡਰੱਗ ਤਸਕਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਕੁੱਬਾਵਾਲਾ ਮੁਸਤਫਾ ਨੂੰ ਅੱਜ ਯੂਏਈ ਤੋਂ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ, ਜਿਸ ਮਗਰੋਂ ਉਸ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇੰਟਰਪੋਲ ਅਤੇ ਮੁੰਬਈ ਪੁਲੀਸ ਦੀ ਮਦਦ ਨਾਲ ਮੁਸਤਫਾ ਨੂੰ ਭਾਰਤ ਲਿਆਉਣ ਲਈ ਕਾਰਵਾਈ ਕੀਤੀ। ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਾਂਗਲੀ ਵਿੱਚ ਇੱਕ ਫੈਕਟਰੀ ਤੋਂ 252 ਕਰੋੜ ਰੁਪਏ ਦੇ ਮੈਫੇਡਰੋਨ ਦੀ ਜ਼ਬਤੀ ਨਾਲ ਸਬੰਧਤ ਮਾਮਲੇ ਵਿੱਚ ਲੋੜੀਂਦੇ ਮੁਸਤਫਾ ਨੂੰ ਯੂਏਈ ਤੋਂ ਵੀਰਵਾਰ ਦੇਰ ਰਾਤ 1 ਵਜੇ ਦੇ ਕਰੀਬ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਲਿਆਂਦਾ ਗਿਆ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਸਾਂਗਲੀ ਵਿੱਚ ਇੱਕ ਫੈਕਟਰੀ ਦਾ ਪਰਦਾਫਾਸ਼ ਕਰਦਿਆਂ 126.141 ਕਿਲੋਗ੍ਰਾਮ ਮੈਫੇਡਰੋਨ ਬਰਾਮਦ ਕੀਤਾ ਸੀ। ਨਸ਼ੀਲੇ ਪਦਾਰਥ ਮੈਫੇਡਰੋਨ ਨੂੰ ‘ਮਿਆਓ ਮਿਆਓ’ ਵੀ ਕਿਹਾ ਜਾਂਦਾ ਹੈ। ਕੁੱਬਾਵਾਲਾ (44) ਮਾਮਲੇ ਦੇ ਮੁੱਖ ਮੁਲਜ਼ਮ ਸਲੀਮ ਡੋਲਾ ਦਾ ਰਿਸ਼ਤੇਦਾਰ ਹੈ। -ਪੀਟੀਆਈ