ਨਹਿਰੂ ਤੇ ਮੇਰੀ ਮਾਂ ਦੇ ਹੰਝੂਆਂ ਦਾ ਜ਼ਿਕਰ ਕੀਤਾ ਪਰ ਇਹ ਨਹੀਂ ਦੱਸਿਆ ਅਪਰੇਸ਼ਨ ਸਿੰਧੂਰ ਕਿਉਂ ਰੋਕਿਆ: ਪ੍ਰਿਯੰਕਾ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ‘ਕੁਤਾਹੀ’ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ (ਸੋਨੀਆ ਗਾਂਧੀ) ਦੇ ਹੰਝੂਆਂ ਦਾ ਜ਼ਿਕਰ ਤਾਂ ਕੀਤਾ ਪਰ ਇਹ ਜਵਾਬ ਨਹੀਂ ਦਿੱਤਾ ਕਿ ਪਾਕਿਸਤਾਨ ਖ਼ਿਲਾਫ਼ ਜੰਗ ਕਿਉਂ ਰੋਕੀ ਗਈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਲੀਡਰਸ਼ਿਪ ਦਾ ਮਤਲਬ ਸਿਰਫ਼ ਸਿਹਰਾ ਲੈਣਾ ਨਹੀਂ ਬਲਕਿ ਜ਼ਿੰਮੇਵਾਰੀ ਲੈਣਾ ਵੀ ਹੁੰਦਾ ਹੈ।
ਲੋਕ ਸਭਾ ’ਚ ‘ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਦੇ ਸਸ਼ਕਤ, ਸਫਲ ਤੇ ਫ਼ੈਸਲਾਕੁਨ ਅਪਰੇਸ਼ਨ ਸਿੰਧੂਰ’ ਬਾਰੇ ਵਿਸ਼ੇਸ਼ ਚਰਚਾ ’ਚ ਹਿੱਸਾ ਲੈਂਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਜੇ ਅਪਰੇਸ਼ਨ ਸਿੰਧੂਰ ਦੌਰਾਨ ਕੋਈ ਜਹਾਜ਼ ਨਹੀਂ ਡਿੱਗਾ ਸੀ ਤਾਂ ਸੰਸਦ ’ਚ ਇਹ ਗੱਲ ਕਹਿਣ ’ਚ ਕੀ ਦਿੱਕਤ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਪਹਿਲਗਾਮ ਹਮਲਾ ਰੋਕਣ ’ਚ ਖੁਫੀਆ ਏਜੰਸੀਆਂ ਦੀ ਨਾਕਾਮੀ ਦੀ ਜ਼ਿੰਮੇਵਾਰੀ ਕੌਣ ਲਵੇਗਾ ਅਤੇ ਕੀ ਗ੍ਰਹਿ ਮੰਤਰੀ ਸ਼ਾਹ ਨੇ ਅਸਤੀਫਾ ਦਿੱਤਾ ਜਾਂ ਇਸ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਪੁੱਛਿਆ, ‘ਕੀ ਕਿਸੇ ਸਰਕਾਰੀ ਏਜੰਸੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਅਤਿਵਾਦੀ ਹਮਲਾ ਹੋਣ ਵਾਲਾ ਹੈ ਤੇ ਪਾਕਿਸਤਾਨ ’ਚ ਇਸ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।’ ਪ੍ਰਿਯੰਕਾ ਨੇ ਸ਼ਾਹ ਦੀ ਉਸ ਟਿੱਪਣੀ ਨੂੰ ਨਿਸ਼ਾਨੇ ’ਤੇ ਲਿਆ ਜਿਸ ’ਚ ਉਨ੍ਹਾਂ ਤਤਕਾਲੀ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਬਾਟਲਾ ਹਾਊਸ ’ਚ ਅਤਿਵਾਦੀਆਂ ਲਈ ਰੋਈ ਸੀ।’ ਉਨ੍ਹਾਂ ਕਿਹਾ, ‘ਇਸ ਸਦਨ ’ਚ ਮੇਰੀ ਮਾਂ ਦੇ ਹੰਝੂਆਂ ਦੀ ਚਰਚਾ ਹੋਈ, ਮੈਂ ਇਸ ਦਾ ਜਵਾਬ ਦੇਣਾ ਚਾਹੁੰਦੀ ਹਾਂ। ਮੇਰੀ ਮਾਂ ਦੇ ਹੰਝੂ ਉਸ ਸਮੇਂ ਵਹੇ ਸਨ ਜਦੋਂ ਉਨ੍ਹਾਂ ਦੇ ਪਤੀ ਨੂੰ ਅਤਿਵਾਦੀਆਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਸਿਰਫ਼ 44 ਸਾਲ ਦੀ ਸੀ। ਅੱਜ ਮੈਂ ਇਸ ਸਦਨ ’ਚ ਖੜ੍ਹੀ ਹਾਂ ਤੇ ਉਨ੍ਹਾਂ 26 ਲੋਕਾਂ (ਪਹਿਲਗਾਮ ਹਮਲੇ ਦੇ ਪੀੜਤ) ਬਾਰੇ ਗੱਲ ਕਰ ਰਹੀ ਹਾਂ ਕਿਉਂਕਿ ਮੈਂ ਉਨ੍ਹਾਂ ਦਾ ਦਰਦ ਜਾਣਦੀ ਹਾਂ ਤੇ ਉਸ ਨੂੰ ਮਹਿਸੂਸ ਕਰ ਸਕਦੀ ਹਾਂ।’