ਮਹਿਬੂਬਾ ਨੇ ਯੇਦੀਯੁਰੱਪਾ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ’ਤੇ ਸਵਾਲ ਉਠਾਇਆ
ਸ੍ਰੀਨਗਰ, 16 ਜੂਨ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਰਨਾਟਕ ਹਾਈ ਕੋਰਟ ਵੱਲੋਂ ਪੋਕਸੋ ਕੇਸ ’ਚ ਭਾਜਪਾ ਆਗੂ ਬੀਐੱਸ ਯੇਦੀਯੁਰੱਪਾ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਣ ’ਤੇ ਸਵਾਲ ਚੁੱਕਦਿਆਂ ਆਖਿਆ ਕਿ ਹੁਣ ‘ਨਿਆਂ ਵੀ ਚੁਣ ਕੇ ਦਿੱਤਾ’ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ‘ਘੱਟ ਦੋਸ਼ਾਂ’ ਲਈ ਵੀ ਜੇਲ੍ਹ ਭੇਜ ਦਿੱਤਾ ਗਿਆ। ਐਕਸ ’ਤੇ ਪੋੋਸਟ ’ਚ ਮਹਿਬੂਬਾ ਨੇ ਆਖਿਆ, ‘‘ਕਰਨਾਟਕ ਹਾਈ ਕੋਰਟ ਨੇ ਪੋਕਸੋ ਕੇਸ ’ਚ ਭਾਜਪਾ ਦੇ ਬੀਐੱਸ ਯੇਦੀਯੁਰੱਪਾ ਦੀ ਗ੍ਰਿਫ਼ਤਾਰੀ ’ਤੇ ਇਹ ਕਹਿੰਦਿਆਂ ਰੋਕ ਲਾ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਮੁਲਜ਼ਮ ਕਿਤੇ ਨਹੀਂ ਜਾ ਰਿਹਾ ਜੋ ਕਿ ਇਸ ਤੋਂ ਘੱਟ ਦੋਸ਼ਾਂ ਲਈ ਜੇਲ੍ਹ ਭੇਜੇ ਗਏ ਇਕ ਹੋਰ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੇ ਵਿਹਾਰ ਤੋਂ ਉਲਟ ਹੈ।’’ ਕਸ਼ਮੀਰੀ ਨੇਤਾ ਨੇ ਕਿਹਾ, ‘‘ਇਹ (ਫ਼ੈਸਲਾ) ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਨਿਆਂ ਕਿਵੇਂ ਚੁਣ (ਆਗੂਆਂ ਨੂੰ ਦੇਖ) ਕੇ ਦਿੱਤਾ ਜਾ ਰਿਹਾ ਹੈ।’’ ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਭਾਜਪਾ ਆਗੂ ਬੀਐੱਸ ਯੇਦੀਯੁਰੱਪਾ ਨੂੰ ਪੋਕਸੋ ਮਾਮਲੇ ਵਿੱਚ ਰਾਹਤ ਦਿੰਦਿਆਂ ਸੀਆਈਡੀ ਦੀ ਗ੍ਰਿਫ਼ਤਾਰੀ ਤੋਂ ਛੋਟ ਦਿੱਤੀ ਹੈ। -ਪੀਟੀਆਈ