ਮਾਇਆਵਤੀ ਵੱਲੋਂ ਯੂ ਪੀ ਵਿੱਚ ‘ਮਿਸ਼ਨ 2027’ ਲਈ ਹੋਕਾ
ਕਾਂਗਰਸ ਤੇ ਸਮਾਜਵਾਦੀ ਪਾਰਟੀ ’ਤੇ ਸੇਧੇ ਨਿਸ਼ਾਨੇ; ਵਰਕਰਾਂ ਨੂੰ 2027 ਚੋਣਾਂ ਲਈ ਤਿਆਰੀਆਂ ਖਿੱਚਣ ਦੀ ਅਪੀਲ
ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਬੇਈਮਾਨ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਸਿਰਫ਼ ਉਨ੍ਹਾਂ ਦੀ ਪਾਰਟੀ ਹੀ ਪਿਛੜੇ ਵਰਗਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਇੱਥੇ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਪਾਰਟੀ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਵਿੱਢਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ 19ਵੀਂ ਬਰਸੀ ’ਤੇ 9 ਅਕਤੂਬਰ ਨੂੰ ਕਰਵਾਏ ਸਮਾਗਮ ਦੀ ਸਫਲਤਾ ਲਈ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਲੱਖਾਂ ਲੋਕਾਂ ਦੇ ਇਕੱਠ ਨੇ ਬਹੁਜਨ ਸਮਾਜ ਪਾਰਟੀ ਪ੍ਰਤੀ ਵਚਨਬੱਧਤਾ ਨੂੰ ਦਰਸਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀਆਂ ਨੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਸਮਾਗਮ ਪ੍ਰਤੀ ਕੂੜ ਪ੍ਰਚਾਰ ਕੀਤਾ। ਬਸਪਾ ਦੀ ਮੰਗ ਸਵੀਕਾਰ ਕਰਨ ’ਤੇ ਉਨ੍ਹਾਂ ਯੂ ਪੀ ਸਰਕਾਰ ਦਾ ਧੰਨਵਾਦ ਵੀ ਕੀਤਾ, ਜਿਸ ਵਿੱਚ ਬਸਪਾ ਦੇ ਰਾਜ ਅਧੀਨ ਬਣਾਏ ਸੈਰ-ਸਪਾਟਾ ਸਥਾਨਾਂ ਦੀਆਂ ਟਿਕਟਾਂ ਤੋਂ ਇਕੱਠੀ ਕੀਤੀ ਗਈ ਰਾਸ਼ੀ ਉਨ੍ਹਾਂ ਦੇ ਰੱਖ-ਰਖਾਅ ਲਈ ਵਰਤਣ ਬਾਰੇ ਕਿਹਾ ਗਿਆ ਸੀ। ਉਨ੍ਹਾਂ ਪਿਛਲੀ ਸਮਾਜਵਾਦੀ ਪਾਰਟੀ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਬਸਪਾ ਸਰਕਾਰ ਅਧੀਨ ਬਣੀਆਂ ਯਾਦਗਾਰਾਂ ਨੂੰ ਅਣਗ਼ੌਲਿਆਂ ਕਰਨ ਤੇ ਸੰਸਥਾਵਾਂ ਦਾ ਨਾਂ ਬਦਲਣ ਦਾ ਕਾਰਨ ਸਮਾਜਵਾਦੀ ਪਾਰਟੀ ਦੀ ‘ਜਾਤੀਵਾਦੀ ਮਾਨਸਿਕਤਾ’ ਹੈ। ਬੀਬੀ ਮਾਇਆਵਤੀ ਨੇ ਕਿਹਾ ਉਨ੍ਹਾਂ ਦੀ ਪਾਰਟੀ ਦੀ ਰਾਜਨੀਤੀ ਖੁੱਲ੍ਹੀ ਕਿਤਾਬ ਵਾਂਗ ਹੈ, ਜੋ ਜਨਤਾ ਦੀ ਭਲਾਈ ਲਈ ਸਮਰਪਿਤ ਹੈ। ਦਲਿਤਾਂ, ਆਦਿਵਾਸੀਆਂ, ਪਛੜੇ ਵਰਗਾਂ, ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਵਚਨਬੱਧ ਹੈ।