ਮਾਇਆਵਤੀ ਮੁੜ ਬਸਪਾ ਦੀ ਕੌਮੀ ਪ੍ਰਧਾਨ ਚੁਣੀ
ਲਖਨਊ: ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਇਕ ਵਾਰ ਮੁੜ ਤੋਂ ਸਰਬਸੰਮਤੀ ਨਾਲ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਜਾਣਕਾਰੀ ਬਸਪਾ ਨੇ ਇਕ ਬਿਆਨ ਜਾਰੀ ਕਰ ਕੇ ਦਿੱਤੀ। ਬਿਆਨ ਮੁਤਾਬਕ, ਬਸਪਾ ਦੀ ਕੇਂਦਰੀ ਕਾਰਜਕਾਰੀ...
ਲਖਨਊ:
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਇਕ ਵਾਰ ਮੁੜ ਤੋਂ ਸਰਬਸੰਮਤੀ ਨਾਲ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਜਾਣਕਾਰੀ ਬਸਪਾ ਨੇ ਇਕ ਬਿਆਨ ਜਾਰੀ ਕਰ ਕੇ ਦਿੱਤੀ। ਬਿਆਨ ਮੁਤਾਬਕ, ਬਸਪਾ ਦੀ ਕੇਂਦਰੀ ਕਾਰਜਕਾਰੀ ਕਮੇਟੀ ਅਤੇ ਕੁੱਲ ਹਿੰਦ ਪੱਧਰ ’ਤੇ ਪਾਰਟੀ ਦੀਆਂ ਸੂਬਾ ਇਕਾਈਆਂ ਦੇ ਸੀਨੀਅਰ ਅਹੁਦੇਦਾਰਾਂ ਅਤੇ ਦੇਸ਼ ਭਰ ਤੋਂ ਚੁਣੇ ਗਏ ਨੁਮਾਇੰਦਆਂ ਦੀ ਇਕ ਵਿਸ਼ੇਸ਼ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਮਾਇਆਵਤੀ (68) ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨੇ ਕਰੀਬ ਦੋ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਿਆਸੀ ਉੱਤਰਾਧਿਕਾਰੀ ਐਲਾਨਿਆ ਸੀ। ਪਾਰਟੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਮਾਇਆਵਤੀ ਨੇ ਪਾਰਟੀ ਦੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਮਹਾਨ ਵਿਅਕਤੀਆਂ, ਖ਼ਾਸ ਕਰ ਕੇ ਬਸਪਾ ਅੰਦੋਲਨ ਰਾਹੀਂ ਦਲਿਤਾਂ, ਕਬਾਇਲੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਵਿੱਚ ਜਨਮੇ ਮਹਾਨ ਲੋਕਾਂ ਦੇ ਮਨੁੱਖਤਾ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਹਰੇਕ ਬਲੀਦਾਨ ਦੇਣ ਨੂੰ ਤਿਆਰ ਹੈ। -ਪੀਟੀਆਈ
ਹਰਿਆਣਾ ’ਚ ਬਸਪਾ ਵੱਲੋਂ 4 ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ (ਟਨਸ):
ਹਰਿਆਣਾ ਵਿੱਚ ਇਨੈਲੋ-ਬਸਪਾ ਗਠਜੋੜ ਵਿੱਚੋਂ ਬਸਪਾ ਨੇ ਚਾਰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦਾ ਐਲਾਨ ਬਹੁਜਨ ਸਮਾਜ ਪਾਰਟੀ (ਬਸਪਾ) ਹਰਿਆਣਾ ਦੇ ਪ੍ਰਧਾਨ ਧਰਮਪਾਲ ਤਿਗੜਾ ਵੱਲੋਂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਸਪਾ ਨੇ ਵਿਧਾਨ ਸਭਾ ਹਲਕਾ ਜਗਾਧਰੀ ਤੋਂ ਦਰਸ਼ਨ ਲਾਲ ਖੇੜਾ, ਅਸੰਧ ਤੋਂ ਗੋਪਾਲ ਸਿੰਘ ਰਾਣਾ, ਨਾਰਾਇਣਗੜ੍ਹ ਤੋਂ ਹਰਬਿਲਾਸ ਸਿੰਘ ਤੇ ਅਟੇਲੀ ਤੋਂ ਠਾਕੁਰ ਅੱਤਰ ਲਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬਸਪਾ ਹਰਿਆਣਾ ਦੇ ਪ੍ਰਧਾਨ ਧਰਮਪਾਲ ਤਿਗੜਾ ਨੇ ਕਿਹਾ ਕਿ ਉਮੀਦਵਾਰਾਂ ਦਾ ਐਲਾਨ ਪਾਰਟੀ ਮੁਖੀ ਮਾਇਆਵਤੀ ਨਾਲ ਵਿਚਾਰ-ਚਰਚਾ ਤੋਂ ਬਾਅਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਜਲਦ ਹੀ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾਵੇਗਾ।