ਸ਼ਹੀਦੀ ਸਮਾਗਮ: ਸਰਕਾਰ ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ
ਨਗਰ ਨਿਗਮ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੋਰਡਿੰਗ ਉਤਾਰਨ ’ਤੇ ਵਿਵਾਦ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਮਾਗਮਾਂ ਸਬੰਧੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਟਕਰਾਅ ਵਧ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਵਿੱਚ ਸਾਹਮਣੇ ਆਇਆ, ਜਿੱਥੇ ਨਗਰ ਨਿਗਮ ਨੇ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਵਾਲੇ ਬੋਰਡ ਉਤਾਰ ਦਿੱਤੇ। ਸ਼੍ਰੋਮਣੀ ਕਮੇਟੀ ਨੇ ਇਸ ਕਾਰਵਾਈ ਦਾ ਸਖ਼ਤ ਨੋਟਿਸ ਲਿਆ ਹੈ; ਪ੍ਰਸ਼ਾਸਨ ਨੇ ਇਸ ਮਾਮਲੇ ’ਤੇ ਚੁੱਪ ਧਾਰੀ ਹੋਈ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਵਿੱਚ 23 ਤੋਂ 29 ਨਵੰਬਰ ਤੱਕ ਕਰਵਾਏ ਜਾ ਰਹੇ ਸ਼ਹੀਦੀ ਸਮਾਗਮਾਂ ਬਾਰੇ ਸੰਗਤ ਨੂੰ ਜਾਣੂ ਕਰਵਾਉਣ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਹੋਰਡਿੰਗ ਲਾਏ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਸੂਚਨਾ ਦੇ ਇਹ ਬੋਰਡ ਉਤਾਰਨਾ ਨਾ ਸਿਰਫ਼ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ, ਸਗੋਂ ਗੁਰੂ ਸਾਹਿਬ ਦਾ ਅਪਮਾਨ ਵੀ ਹੈ। ਸਿੱਖ ਸੰਸਥਾ ਨੇ ਪਹਿਲਾਂ ਵੀ ਕਈ ਸ਼ਤਾਬਦੀਆਂ ਮਨਾਈਆਂ ਹਨ ਪਰ ਅਜਿਹੀ ਹਰਕਤ ਪਹਿਲਾਂ ਕਦੇ ਨਹੀਂ ਹੋਈ, ਜੋ ਸਰਕਾਰ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ 23 ਤੋਂ 29 ਨਵੰਬਰ ਤੱਕ ਪਰਿਵਾਰਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ।ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ 23 ਤੋਂ 25 ਨਵੰਬਰ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਕਾਰਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹਨ। ਇਸ ਤੋਂ ਪਹਿਲਾਂ ਜੂਨ ਵਿੱਚ ਸ੍ਰੀਨਗਰ ’ਚ ਪੰਜਾਬ ਸਰਕਾਰ ਦੇ ਸਮਾਗਮ ਵਿੱਚ ਮਰਿਆਦਾ ਦੀ ਉਲੰਘਣਾ ਕਾਰਨ ਇੱਕ ਮੰਤਰੀ ਨੂੰ ਤਨਖਾਹ ਵੀ ਲਾਈ ਗਈ ਸੀ।
ਮੁੱਖ ਮੰਤਰੀ ਤੇ ਕਾਰਜਕਾਰੀ ਜਥੇਦਾਰ ਵਿਚਾਲੇ ਸ਼ਬਦੀ ਜੰਗ ਤੇਜ਼
ਬੀਤੇ ਦਿਨ ਅਕਾਲ ਤਖ਼ਤ ਪੁੱਜੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਡਾਇਰੈਕਟਰ ਨੂੰ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਸਨ।
ਉਨ੍ਹਾਂ ਦੋਸ਼ ਲਾਇਆ ਸੀ ਕਿ ਆਨੰਦਪੁਰ ਸਾਹਿਬ ਵਿੱਚ ਬਾਬਾ ਜੀਵਨ ਸਿੰਘ ਯਾਦਗਾਰ ’ਚ ਅੰਮ੍ਰਿਤ ਸੰਚਾਰ ਨਾਲ ਸਬੰਧਤ ਲਾਈਆਂ ਤਸਵੀਰਾਂ ਵਿੱਚ ਖਾਮੀਆਂ ਹਨ, ਤਸਵੀਰਾਂ ਮਰਿਆਦਾ ਦੇ ਖ਼ਿਲਾਫ਼ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕ ਮਰਿਆਦਾ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਖੁਦ ਨਿਯਮਾਂ ਦੀ ਉਲੰਘਣਾ ਕਰਕੇ ਸੇਵਾ ਸੰਭਾਲੀ ਹੈ; ਉਹ ਉਨ੍ਹਾਂ ਨੂੰ ਅਕਾਲ ਤਖ਼ਤ ਸੱਦਣ ਤਾਂ ਉਹ ਉਨ੍ਹਾਂ ਦੇ ਕਈ ਪਾਜ ਉਧੇੜ ਦੇਣਗੇ। ਇਸ ’ਤੇ ਜਥੇਦਾਰ ਗੜਗੱਜ ਨੇ ਅੱਜ ਕਿਹਾ ਕਿ ਉਹ ਅਜਿਹੇ ਪਤਿਤ ਸਿੱਖ ਦੀਆਂ ਗੱਲਾਂ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ।

